ਅਮਰੀਕਾ ਵਿੱਚ ਭਾਰਤੀ ਨੌਜਵਾਨ ਨੂੰ 10 ਸਾਲ ਦੀ ਜੇਲ੍ਹ
ਅਮਰੀਕਾ ਦੇ ਨੇਬਰਾਸਕਾ ਸੂਬੇ ਵਿੱਚ ਇੱਕ ਭਾਰਤੀ ਨੌਜਵਾਨ ਨੂੰ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਦੀ ਪਹਿਚਾਣ ਗੁਜਰਾਤ ਦੇ ਰਹਿਣ ਵਾਲੇ 27 ਸਾਲਾ ਕਵਨਕੁਮਾਰ ਪਟੇਲ ਵਜੋਂ ਹੋਈ ਹੈ, ਜੋ ਓਮਾਹਾ ਸ਼ਹਿਰ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਜਾਂਚ ਮੁਤਾਬਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਮਿਲੀ। ਜਾਂਚ ਦੌਰਾਨ ਹੋਟਲ ਵਿੱਚ ਸੈਕਸ ਟ੍ਰੈਫਿਕਿੰਗ ਨਾਲ ਜੁੜੇ ਸਬੂਤ ਮਿਲੇ, ਜਿਸ ਤੋਂ ਬਾਅਦ ਹੋਮਲੈਂਡ ਸਕਿਓਰਿਟੀ ਅਤੇ ਓਮਾਹਾ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨਾਬਾਲਗ ਲੜਕੀਆਂ ਨੂੰ ਬਚਾਇਆ।

ਅਧਿਕਾਰੀਆਂ ਅਨੁਸਾਰ ਤਸਕਰ ਨਾਬਾਲਗ ਲੜਕੀਆਂ ਨੂੰ ਦੂਜੇ ਰਾਜਾਂ ਤੋਂ ਲਿਆ ਕੇ ਵਪਾਰਕ ਜਿਨਸੀ ਸ਼ੋਸ਼ਣ ਲਈ ਵਰਤ ਰਹੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹੋਟਲ ਦੇ ਕੁਝ ਕਰਮਚਾਰੀਆਂ ਨੇ ਤਸਕਰਾਂ ਨੂੰ ਪੈਸੇ ਦੇ ਕੇ ਨਾਬਾਲਗ ਲੜਕੀਆਂ ਨਾਲ ਜਿਨਸੀ ਸਬੰਧ ਬਣਾਏ। ਪਟੇਲ ਨੇ ਮੰਨਿਆ ਕਿ ਉਸਨੇ ਹੋਟਲ ਦੇ ਪੈਸੇ ਕੱਢ ਕੇ ਤਸਕਰਾਂ ਨੂੰ ਦਿੱਤੇ ਸਨ ਤਾਂ ਜੋ ਉਹ ਨਾਬਾਲਗ ਪੀੜਤਾ ਨਾਲ ਜਿਨਸੀ ਸਬੰਧ ਬਣਾ ਸਕੇ।

ਅਮਰੀਕੀ ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਰਿਪੋਰਟਾਂ ਮੁਤਾਬਕ ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਦੇਸ਼-ਨਿਕਾਲੇ ਦਾ ਵੀ ਸਾਹਮਣਾ ਕਰਨਾ ਪਵੇਗਾ।