ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ, ਡਾ. ਗੁਰਪ੍ਰੀਤ ਕੌਰ ਨਾਲ ਜੁੜੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰਦੀਪ ਸਿੰਘ ਗਰੇਵਾਲ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲੈਣ ਮਗਰੋਂ ਗਰੇਵਾਲ ਨੂੰ ਪੁੱਛਗਿੱਛ ਲਈ ਈਡੀ ਦੇ ਮੁੱਖ ਦਫ਼ਤਰ ਲਿਆਂਦਾ ਗਿਆ। ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫ਼ਿਲਮ ਉਦਯੋਗ ਅਤੇ ‘ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ’ ਨਾਲ ਜੁੜਿਆ ਹੋਇਆ ਹੈ।
ਇਸ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਕਸ ਉੱਤੇ ਲਿਖਿਆ “ਵੱਡੀ ਖ਼ਬਰ 5 ਕਰੋੜ ‘ਚ ਟੂੰ-ਟੂੰ ਕਰਾਉਣ ਵਾਲਾ ਗੁਰਪ੍ਰੀਤ ਦਾ ਜੀਜਾ ਮੁੱਖ ਮੰਤਰੀ ਦਾ ਸਾਂਢੂ ਅਮਰਦੀਪ ਗਰੇਵਾਲ ਨੂੰ ਫੜਿਆ। ਦਿੱਲੀ ਏਅਰਪੋਰਟ ’ਤੇ ਈਡੀ ਨੂੰ ਦਬੋਚਿਆ, ਲੁੱਕ ਆਊਟ ਨੋਟਿਸ ਪਹਿਲਾਂ ਹੀ ਜਾਰੀ ਸੀ। ਹੁਣ ਈਡੀ ਦੀ ਪੁੱਛਗਿੱਛ ’ਚ ਜੁਗਨੀ ਤੇ ਜੁਗਨੂ ਦੇ ਸਾਰੇ ਭੇਦ ਖੁੱਲ੍ਹਣਗੇ।”
‘ਸਭ ਫੜੇ ਜਾਣਗੇ’
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ, “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ਈਡੀ ਨੇ ਦਿੱਲੀ ਤੋਂ ਕਸਟੱਡੀ ’ਚ ਲਿਆ।” ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਜਿਸ ’ਚ ਭਗਵੰਤ ਮਾਨ ਦਿਖਾਈ ਦੇ ਰਹੇ ਹਨ ਅਤੇ ਲਿਖਿਆ ਹੈ ਕਿ ਸਭ ਫੜੇ ਜਾਣਗੇ- ਸਭ ਫੜੇ ਜਾਣਗੇ। ਈਡੀ ਨੇ ਹਿਰਾਸਤ ’ਚ ਲਿਆ ਅਮਰਦੀਪ ਗਰੇਵਾਲ।
ਕੀ ਸੀ ਪੂਰਾ ਵਿਵਾਦ ਅਤੇ ਪਹਿਲਾ ਫੈਸਲਾ !
ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਜਸਟਿਸ ਰਣਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਮੁੱਖ ਮੰਤਰੀ ਦੀ ਪਤਨੀ ‘ਤੇ ਇੱਕ ਜ਼ਬਰਜਨਾਹ ਕੇਸ ਦੇ ਮੁਲਜ਼ਮ ਤੋਂ 5 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਇਆ ਗਿਆ ਸੀ। ਸ਼ਿਕਾਇਤਕਰਤਾ ਗੁਰਪ੍ਰੀਤ ਕੌਰ ਨੇ ਅਦਾਲਤ ਪਹੁੰਚ ਕੇ ਕਿਹਾ ਸੀ, “ਜਸਟਿਸ ਰਣਜੀਤ ਸਿੰਘ ਨੇ ਮੇਰੀ ਸਾਖ ਨੂੰ ਜਨਤਾ ਵਿੱਚ ਖ਼ਰਾਬ ਕਰਨ ਲਈ ਮੇਰੇ ਉੱਪਰ ਝੂਠੇ ਅਤੇ ਮਨਘੜਤ ਇਲਜ਼ਾਮ ਲਗਾਏ ਹਨ।” ਇਸ ‘ਤੇ ਅਦਾਲਤ ਨੇ 8 ਸਤੰਬਰ 2026 ਨੂੰ ਜਸਟਿਸ ਰਣਜੀਤ ਸਿੰਘ ‘ਤੇ ਇਸ ਸਮੱਗਰੀ ਨੂੰ ਛਾਪਣ ਜਾਂ ਸਾਂਝੀ ਕਰਨ ‘ਤੇ ਰੋਕ ਲਗਾ ਦਿੱਤੀ ਸੀ।