ਅਮਰੀਕਾ ਵਿੱਚ ਵੱਡੀ ਕਾਰਵਾਈ: 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਡਿਪੋਰਟੇਸ਼ਨ ਦੀ ਕਾਰਵਾਈ ਸ਼ੁਰੂ
ਅਮਰੀਕਾ: ਸੰਯੁਕਤ ਰਾਜ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਸੁਰੱਖਿਆ ਨਾਲ ਜੁੜੀ ਵੱਡੀ ਕਾਰਵਾਈ ਦੌਰਾਨ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਇਹ ਸਾਰੇ ਨਾਗਰਿਕ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਰਹਿ ਰਹੇ ਸਨ ਅਤੇ ਵਪਾਰਕ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸਨ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਵੱਲੋਂ ਜਾਰੀ ਬਿਆਨ ਅਨੁਸਾਰ, ਐਰੀਜ਼ੋਨਾ ਦੇ ਯੂਮਾ ਸੈਕਟਰ ਵਿੱਚ ਬਾਰਡਰ ਪੈਟਰੋਲ ਏਜੰਟਾਂ ਨੇ “Operation Checkmate” ਦੇ ਤਹਿਤ 11 ਤੋਂ 15 ਮਈ ਦਰਮਿਆਨ ਕੁੱਲ 52 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚੋਂ 36 ਵਪਾਰਕ ਵਾਹਨ ਚਲਾ ਰਹੇ ਸਨ। ਇਨ੍ਹਾਂ ਵਿੱਚੋਂ 30 ਭਾਰਤੀ ਮੂਲ ਦੇ ਨਾਗਰਿਕ ਸਨ, ਜਦਕਿ ਬਾਕੀ ਮੈਕਸੀਕੋ, ਅਲ ਸੈਲਵਾਡੋਰ ਅਤੇ ਰੂਸ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਰਿਪੋਰਟਾਂ ਅਨੁਸਾਰ, ਕੁਝ ਡਰਾਈਵਰਾਂ ਕੋਲ ਵੱਖ-ਵੱਖ ਅਮਰੀਕੀ ਰਾਜਾਂ ਜਿਵੇਂ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਮੌਜੂਦ ਸਨ, ਜਦਕਿ ਕੁਝ ਕੋਲ ਕੋਈ ਵੈਧ ਲਾਇਸੈਂਸ ਨਹੀਂ ਸੀ। ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਵਿਅਕਤੀਆਂ ਕੋਲ ਰੁਜ਼ਗਾਰ ਅਧਿਕਾਰ ਦਸਤਾਵੇਜ਼ ਸਨ, ਜੋ ਪਿਛਲੇ ਪ੍ਰਸ਼ਾਸਨ ਦੌਰਾਨ ਜਾਰੀ ਕੀਤੇ ਗਏ ਸਨ ਅਤੇ ਹੁਣ ਵੈਧ ਨਹੀਂ ਮੰਨੇ ਜਾ ਰਹੇ। ਬਾਰਡਰ ਪੈਟਰੋਲ ਦੇ ਅਧਿਕਾਰੀ ਡਸਟਿਨ ਕੌਡਲ ਨੇ ਕਿਹਾ ਕਿ ਇਹ ਕਾਰਵਾਈ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ ਅਤੇ ਗੈਰ-ਕਾਨੂੰਨੀ ਤੌਰ ‘ਤੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਰੁਖ਼ ਜਾਰੀ ਰਹੇਗਾ।

ਇਸ ਤੋਂ ਇਲਾਵਾ ਜਾਣਕਾਰੀ ਮੁਤਾਬਕ, ਅਮਰੀਕੀ ਆਵਾਜਾਈ ਵਿਭਾਗ ਵੱਲੋਂ ਵੀ ਅਯੋਗ ਵਿਦੇਸ਼ੀ ਡਰਾਈਵਰਾਂ ਨੂੰ ਵਪਾਰਕ ਟਰੱਕ ਅਤੇ ਬੱਸ ਲਾਇਸੈਂਸ ਜਾਰੀ ਕਰਨ ‘ਤੇ ਪਾਬੰਦੀ ਸੰਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਸੰਘੀ ਕਾਨੂੰਨ ਤਹਿਤ ਕਾਰਵਾਈ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ (ਡਿਪੋਰਟੇਸ਼ਨ) ਦਿੱਤਾ ਜਾ ਸਕਦਾ ਹੈ।