ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਸਜ਼ਾ: 106 ਕਿਲੋ ਕੋਕੀਨ ਮਾਮਲੇ ‘ਚ ਵੱਡਾ ਫੈਸਲਾ
ਅਮਰੀਕਾ/ਕਪੂਰਥਲਾ, 3 ਜੂਨ: ਅਮਰੀਕਾ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ ਨਸ਼ਾ ਤਸਕਰੀ ਦੇ ਗੰਭੀਰ ਮਾਮਲੇ ਵਿੱਚ ਅਦਾਲਤ ਵੱਲੋਂ 75 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਕਰੀਬ 106 ਕਿਲੋ ਕੋਕੀਨ (ਲਗਭਗ 90 ਕਰੋੜ ਰੁਪਏ ਮੁੱਲ) ਦੀ ਤਸਕਰੀ ਦਾ ਦੋਸ਼ ਸਾਬਤ ਹੋਇਆ ਹੈ। ਇਹ ਮਾਮਲਾ ਇਲੀਨੋਇਸ ਸਟੇਟ ਵਿੱਚ 2025 ਵਿੱਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੇ ਰੁਟੀਨ ਚੈੱਕ ਦੌਰਾਨ ਇੱਕ ਰੈਫ੍ਰਿਜਰੇਟਡ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ ਸੀ।
ਰੁਟੀਨ ਚੈੱਕ ਦੌਰਾਨ ਫੜਿਆ ਗਿਆ ਸੀ ਟਰੱਕ
ਰਿਪੋਰਟਾਂ ਮੁਤਾਬਕ 17 ਅਪ੍ਰੈਲ 2025 ਨੂੰ ਇਲੀਨੋਇਸ ਸਟੇਟ ਪੁਲਿਸ ਨੇ Interstate-74 ਦੇ ਲੇਰੋਏ ਇਲਾਕੇ ਨੇੜੇ ਟਰੱਕ ਨੂੰ ਸੇਫਟੀ ਇੰਸਪੈਕਸ਼ਨ ਲਈ ਰੋਕਿਆ ਸੀ। ਸ਼ੱਕ ਹੋਣ ‘ਤੇ ਕੇ-9 ਯੂਨਿਟ ਦੀ ਮਦਦ ਨਾਲ ਟਰੱਕ ਦੀ ਡੂੰਘੀ ਜਾਂਚ ਕੀਤੀ ਗਈ। ਜਾਂਚ ਦੌਰਾਨ ਚਾਰ ਵੱਡੇ ਕਾਲੇ ਗਾਰਬੇਜ ਬੈਗ ਮਿਲੇ, ਜਿਨ੍ਹਾਂ ਵਿੱਚੋਂ ਕਰੀਬ 106 ਕਿਲੋ ਕੋਕੀਨ ਬਰਾਮਦ ਹੋਈ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ਕੀਮਤ ਲਗਭਗ 10.6 ਮਿਲੀਅਨ ਡਾਲਰ ਦੱਸੀ ਗਈ ਹੈ।
WhatsApp ਚੈਟ ਤੋਂ ਮਿਲੇ ਸਬੂਤ
ਪੁਲਿਸ ਜਾਂਚ ਵਿੱਚ ਜੋਬਨਪ੍ਰੀਤ ਸਿੰਘ ਦੇ ਮੋਬਾਈਲ ਫੋਨ ਤੋਂ ਕੁਝ ਅਹਿਮ ਵਟਸਐਪ ਗੱਲਬਾਤਾਂ ਵੀ ਮਿਲੀਆਂ, ਜਿਨ੍ਹਾਂ ਵਿੱਚ ਡਿਲੀਵਰੀ ਲਈ 5,400 ਡਾਲਰ ਦੇ ਸੌਦੇ ਦੀ ਚਰਚਾ ਸਾਹਮਣੇ ਆਈ। ਪ੍ਰੋਸਿਕਿਊਸ਼ਨ ਨੇ ਇਸ ਨੂੰ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਨਾਲ ਜੋੜਿਆ। ਹਾਲਾਂਕਿ ਮੁਲਜ਼ਮ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸਨੂੰ ਟਰੱਕ ਵਿੱਚ ਮੌਜੂਦ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਸਿਰਫ਼ ਡਿਲੀਵਰੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਅਦਾਲਤੀ ਫੈਸਲਾ
ਮਾਰਚ 2026 ਵਿੱਚ ਜੂਰੀ ਨੇ ਜੋਬਨਪ੍ਰੀਤ ਸਿੰਘ ਨੂੰ ਕੋਕੀਨ ਟ੍ਰੈਫਿਕਿੰਗ ਅਤੇ ਨਸ਼ਾ ਸਪਲਾਈ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ। ਇਸ ਤੋਂ ਬਾਅਦ 28 ਮਈ 2026 ਨੂੰ ਜੱਜ ਵਿਲੀਅਮ ਯੋਡਰ ਨੇ ਉਸ ਨੂੰ 75 ਸਾਲ ਦੀ ਸਖ਼ਤ ਸਜ਼ਾ ਸੁਣਾਈ। ਅਦਾਲਤੀ ਹੁਕਮ ਮੁਤਾਬਕ ਉਹ 55 ਸਾਲ ਦੀ ਉਮਰ ਤੋਂ ਪਹਿਲਾਂ ਰਿਹਾਈ ਯੋਗ ਨਹੀਂ ਹੋਵੇਗਾ ਅਤੇ ਕੁੱਲ ਮਿਲਾ ਕੇ 85 ਸਾਲ ਦੀ ਉਮਰ ਤੱਕ ਉਸਦੀ ਰਿਹਾਈ ਦੀ ਸੰਭਾਵਨਾ ਨਹੀਂ ਹੈ।
ਪੰਜਾਬ ਦੇ ਪਿੰਡ ਵਿੱਚ ਸਦਮੇ ਦਾ ਮਾਹੌਲ
ਜੋਬਨਪ੍ਰੀਤ ਸਿੰਘ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਮੰਗੂਪੁਰ ਦਾ ਰਹਿਣ ਵਾਲਾ ਹੈ। ਪਰਿਵਾਰ ਮੁਤਾਬਕ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ।ਇਸ ਫੈਸਲੇ ਤੋਂ ਬਾਅਦ ਪਿੰਡ ਮੰਗੂਪੁਰ ਵਿੱਚ ਸੋਗ ਅਤੇ ਸਦਮੇ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਇਸ ਘਟਨਾ ਨੂੰ ਅਣਉਮੀਦ ਅਤੇ ਦੁਖਦਾਈ ਮੰਨ ਰਿਹਾ ਹੈ।
ਅਮਰੀਕੀ ਇਤਿਹਾਸ ਦੇ ਵੱਡੇ ਮਾਮਲਿਆਂ ਵਿੱਚ ਸ਼ਾਮਲ ਕੇਸ
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਮਾਮਲਾ ਮੈਕਲੀਨ ਕਾਊਂਟੀ ਵਿੱਚ ਹੋਈਆਂ ਸਭ ਤੋਂ ਵੱਡੀਆਂ ਕੋਕੀਨ ਬਰਾਮਦਗੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ।