ਹੁਣ ਅਖ਼ਬਾਰ ਵਿੱਚ ਸਮੋਸਾ ਜਾਂ ਵੜਾ-ਪਾਵ ਮਿਲਿਆ ਤਾਂ ਪੈ ਸਕਦਾ ਹੈ ਭਾਰੀ, FSSAI ਦਾ ਵੱਡਾ ਹੁਕਮ
ਨਵੀਂ ਦਿੱਲੀ: ਜੇਕਰ ਤੁਸੀਂ ਵੀ ਸੜਕ ਕਿਨਾਰੇ ਜਾਂ ਫੂਡ ਸਟਾਲਾਂ ਤੋਂ ਅਖ਼ਬਾਰ ਵਿੱਚ ਲਪੇਟ ਕੇ ਵੜਾ-ਪਾਵ, ਸਮੋਸੇ, ਪਕੌੜੇ ਜਾਂ ਹੋਰ ਗਰਮਾ-ਗਰਮ ਖਾਣ-ਪੀਣ ਵਾਲੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਹੋ, ਤਾਂ ਹੁਣ ਸਾਵਧਾਨ ਹੋਣ ਦੀ ਲੋੜ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਅਖ਼ਬਾਰ ਵਿੱਚ ਭੋਜਨ ਪੈਕ ਕਰਨ ਅਤੇ ਪਰੋਸਣ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।

FSSAI ਨੇ ਦੇਸ਼ ਭਰ ਦੇ ਰੈਸਟੋਰੈਂਟਾਂ, ਸਟ੍ਰੀਟ ਫੂਡ ਵਿਕਰੇਤਾਵਾਂ, ਫੂਡ ਸਟਾਲਾਂ, ਕਲਾਉਡ ਕਿਚਨਾਂ, ਕੇਟਰਿੰਗ ਸੇਵਾਵਾਂ ਅਤੇ ਹੋਰ ਭੋਜਨ ਕਾਰੋਬਾਰ ਸੰਚਾਲਕਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਅਖ਼ਬਾਰ ਵਿੱਚ ਭੋਜਨ ਲਪੇਟਣਾ ਜਾਂ ਪਰੋਸਣਾ ਤੁਰੰਤ ਬੰਦ ਕੀਤਾ ਜਾਵੇ। ਅਥਾਰਟੀ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੁੰਬਈ ਦੀ ਘਟਨਾ ਤੋਂ ਬਾਅਦ ਹੋਇਆ ਸਖ਼ਤ ਫ਼ੈਸਲਾ
ਇਹ ਚੇਤਾਵਨੀ ਮੁੰਬਈ ਵਿੱਚ ਸਾਹਮਣੇ ਆਏ ਇੱਕ ਮਾਮਲੇ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿੱਥੇ ਇੱਕ ਪ੍ਰਸਿੱਧ ਵੜਾ-ਪਾਵ ਵਿਕਰੇਤਾ ਗਾਹਕਾਂ ਨੂੰ ਅਖ਼ਬਾਰ ਵਿੱਚ ਭੋਜਨ ਪਰੋਸਦਾ ਅਤੇ ਪੈਕ ਕਰਦਾ ਪਾਇਆ ਗਿਆ। ਇਸ ਤੋਂ ਬਾਅਦ FSSAI ਦੇ ਪੱਛਮੀ ਜ਼ੋਨ ਅਤੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਸਾਂਝੀ ਕਾਰਵਾਈ ਕਰਦਿਆਂ ਸੰਬੰਧਿਤ ਦੁਕਾਨ ਖ਼ਿਲਾਫ਼ ਕਾਰਵਾਈ ਕੀਤੀ।
ਅਖ਼ਬਾਰ ਵਿੱਚ ਖਾਣਾ ਲਪੇਟਣਾ ਕਿਉਂ ਹੈ ਖ਼ਤਰਨਾਕ?
FSSAI ਅਨੁਸਾਰ ਅਖ਼ਬਾਰ ਦੀ ਛਪਾਈ ਲਈ ਵਰਤੀ ਜਾਣ ਵਾਲੀ ਸਿਆਹੀ ਵਿੱਚ ਕਈ ਹਾਨੀਕਾਰਕ ਰਸਾਇਣ, ਰੰਗਦਾਰ ਪਦਾਰਥ ਅਤੇ ਸੀਸੇ ਵਰਗੀਆਂ ਭਾਰੀ ਧਾਤਾਂ ਮੌਜੂਦ ਹੁੰਦੀਆਂ ਹਨ। ਜਦੋਂ ਗਰਮ ਭੋਜਨ ਨੂੰ ਅਖ਼ਬਾਰ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਰਸਾਇਣ ਭੋਜਨ ਵਿੱਚ ਮਿਲ ਸਕਦੇ ਹਨ।

ਲੰਬੇ ਸਮੇਂ ਤੱਕ ਅਜਿਹਾ ਦੂਸ਼ਿਤ ਭੋਜਨ ਖਾਣ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਇਕੱਠੇ ਹੋ ਸਕਦੇ ਹਨ, ਜਿਸ ਨਾਲ ਪਾਚਨ ਤੰਤਰ, ਜਿਗਰ, ਗੁਰਦੇ ਅਤੇ ਹੋਰ ਅੰਗਾਂ ਨਾਲ ਸਬੰਧਤ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਕਾਨੂੰਨ ਅਧੀਨ ਪਹਿਲਾਂ ਹੀ ਲੱਗੀ ਹੋਈ ਹੈ ਪਾਬੰਦੀ
FSSAI ਨੇ ਸਪੱਸ਼ਟ ਕੀਤਾ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ (ਪੈਕੇਜਿੰਗ) ਰੈਗੂਲੇਸ਼ਨਜ਼ 2018 ਤਹਿਤ ਅਖ਼ਬਾਰ ਦੀ ਵਰਤੋਂ ਭੋਜਨ ਨੂੰ ਸਟੋਰ ਕਰਨ, ਲਪੇਟਣ ਜਾਂ ਪੈਕ ਕਰਨ ਲਈ ਪੂਰੀ ਤਰ੍ਹਾਂ ਮਨਾਹੀ ਹੈ। ਇਸ ਲਈ ਅਖ਼ਬਾਰ ਵਿੱਚ ਖਾਣਾ ਵੇਚਣਾ ਜਾਂ ਪਰੋਸਣਾ ਨਾ ਸਿਰਫ਼ ਸਿਹਤ ਲਈ ਖ਼ਤਰਨਾਕ ਹੈ, ਸਗੋਂ ਕਾਨੂੰਨ ਦੀ ਉਲੰਘਣਾ ਵੀ ਹੈ।
ਗਾਹਕ ਵੀ ਕਰ ਸਕਦੇ ਹਨ ਸ਼ਿਕਾਇਤ
ਅਥਾਰਟੀ ਨੇ ਆਮ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਦੁਕਾਨ, ਰੈਸਟੋਰੈਂਟ ਜਾਂ ਗਲੀ ਵਿਕਰੇਤਾ ਵੱਲੋਂ ਅਖ਼ਬਾਰ ਵਿੱਚ ਖਾਣਾ ਪਰੋਸਿਆ ਜਾਂਦਾ ਹੈ, ਤਾਂ ਗਾਹਕ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। FSSAI ਅਤੇ ਰਾਜਾਂ ਦੇ ਖੁਰਾਕ ਸੁਰੱਖਿਆ ਵਿਭਾਗਾਂ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਅਤੇ ਅਚਾਨਕ ਨਿਰੀਖਣ ਕੀਤੇ ਜਾਣਗੇ। ਜੇਕਰ ਕੋਈ ਵੀ ਵਿਕਰੇਤਾ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

FSSAI ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰਫ਼ ਸੁਰੱਖਿਅਤ ਅਤੇ ਮਨਜ਼ੂਰਸ਼ੁਦਾ ਪੈਕਿੰਗ ਸਮੱਗਰੀ ਵਿੱਚ ਪਰੋਸਿਆ ਗਿਆ ਭੋਜਨ ਹੀ ਵਰਤਿਆ ਜਾਵੇ।