ਯੂਰਪ ਵਿੱਚ ਭਿਆਨਕ ਹੀਟਵੇਵ ਦਾ ਕਹਿਰ, ਫਰਾਂਸ ਵਿੱਚ 18 ਲੋਕਾਂ ਦੀ ਮੌਤ; ਕਈ ਦੇਸ਼ਾਂ ਵਿੱਚ ਟੁੱਟੇ ਤਾਪਮਾਨ ਦੇ ਰਿਕਾਰਡ
ਯੂਰਪ ਦੇ ਕਈ ਦੇਸ਼ ਇਨ੍ਹਾਂ ਦਿਨਾਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਤਾਪਮਾਨ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਰਾਂਸ ਵਿੱਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਸ਼ਹਿਰਾਂ ਵਿੱਚ ਤਾਪਮਾਨ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।
ਫਰਾਂਸ ਵਿੱਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ
ਫਰਾਂਸ ਦੇ ਦੱਖਣ-ਪੂਰਬੀ ਸ਼ਹਿਰ ਕਾਰਪੈਂਟਰਾਸ ਵਿੱਚ ਦੋ ਅਤੇ ਚਾਰ ਸਾਲ ਦੇ ਦੋ ਬੱਚੇ ਕਾਰ ਅੰਦਰ ਬੇਹੋਸ਼ ਹਾਲਤ ਵਿੱਚ ਮਿਲੇ, ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ। ਇਸ ਤੋਂ ਇਲਾਵਾ, ਬੋਰਦੋ (Bordeaux) ਖੇਤਰ ਵਿੱਚ 80 ਤੋਂ 95 ਸਾਲ ਉਮਰ ਦੇ ਤਿੰਨ ਬਜ਼ੁਰਗਾਂ ਦੀ ਗਰਮੀ ਕਾਰਨ ਸਿਹਤ ਵਿਗੜਣ ਨਾਲ ਜਾਨ ਚਲੀ ਗਈ।

ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੌਰਾਨ ਡੁੱਬਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 13 ਹੋਰ ਲੋਕਾਂ ਦੀ ਵੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 18 ਤੱਕ ਪਹੁੰਚ ਗਈ। ਫਰਾਂਸ ਦੇ ਬੋਰਦੋ ਸ਼ਹਿਰ ਵਿੱਚ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਹੁਣ ਤੱਕ ਦਾ ਨਵਾਂ ਰਿਕਾਰਡ ਹੈ। ਇਸੇ ਤਰ੍ਹਾਂ, ਪੋਇਟਿਏਰ (Poitiers) ਵਿੱਚ 41.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਿਸ ਨੇ 1947 ਦਾ ਪੁਰਾਣਾ ਰਿਕਾਰਡ ਤੋੜ ਦਿੱਤਾ। ਸਪੇਨ ਦੇ ਸਾਨ ਸੇਬਾਸਤਿਆਨ ਸ਼ਹਿਰ ਵਿੱਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।
ਬ੍ਰਿਟੇਨ ਵਿੱਚ ਵੀ ਹੀਟਵੇਵ ਨੂੰ ਲੈ ਕੇ ਚੇਤਾਵਨੀ
ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਚੱਲ ਰਹੀ ਚਾਰ ਦਿਨਾਂ ਦੀ ਗਰਮੀ ਦੀ ਲਹਿਰ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 1957 ਅਤੇ 1976 ਵਿੱਚ ਬਣੇ ਜੂਨ ਮਹੀਨੇ ਦੇ ਤਾਪਮਾਨ ਦੇ ਰਿਕਾਰਡ ਟੁੱਟ ਸਕਦੇ ਹਨ।

ਇਟਲੀ ਦੇ 12 ਸ਼ਹਿਰਾਂ ਵਿੱਚ ਰੈੱਡ ਅਲਰਟ ਜਾਰੀ
ਇਟਲੀ ਸਰਕਾਰ ਨੇ ਭਿਆਨਕ ਗਰਮੀ ਨੂੰ ਦੇਖਦਿਆਂ 12 ਸ਼ਹਿਰਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਟਿਊਰਿਨ ਸ਼ਹਿਰ ਵਿੱਚ ਵਧਦੀ ਬਿਜਲੀ ਮੰਗ ਕਾਰਨ ਬਿਜਲੀ ਸਪਲਾਈ ‘ਤੇ ਦਬਾਅ ਵਧ ਗਿਆ ਹੈ।

ਸਥਿਤੀ ਨਾਲ ਨਜਿੱਠਣ ਲਈ ਵਾਧੂ ਜਨਰੇਟਰ ਲਗਾਏ ਗਏ ਹਨ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਵਧਾ ਦਿੱਤੀਆਂ ਗਈਆਂ ਹਨ।
ਬੈਲਜੀਅਮ ਵਿੱਚ ਜੰਗਲੀ ਜੀਵ ਵੀ ਗਰਮੀ ਤੋਂ ਪ੍ਰਭਾਵਿਤ
ਬੈਲਜੀਅਮ ਵਿੱਚ ਵੀ ਭਿਆਨਕ ਗਰਮੀ ਦਾ ਅਸਰ ਜੰਗਲੀ ਜੀਵਾਂ ‘ਤੇ ਸਪੱਸ਼ਟ ਤੌਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਟੈਂਪਲੂਕਸ ਸਥਿਤ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ 150 ਤੋਂ ਵੱਧ ਪੰਛੀਆਂ ਅਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਹੈ।

ਮਾਹਿਰਾਂ ਮੁਤਾਬਕ, ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਕਈ ਪੰਛੀ ਗਰਮੀ ਤੋਂ ਬਚਣ ਲਈ ਆਪਣੇ ਆਲ੍ਹਣਿਆਂ ਤੋਂ ਛਾਲਾਂ ਮਾਰ ਰਹੇ ਹਨ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ (Climate Change) ਕਾਰਨ ਹੀਟਵੇਵ ਅਤੇ ਤੂਫ਼ਾਨਾਂ ਦੀ ਤੀਬਰਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਤਾਪਮਾਨ ਵਿੱਚ ਅਸਧਾਰਨ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਮੌਸਮੀ ਹਾਲਾਤ ਹੋਰ ਗੰਭੀਰ ਬਣਦੇ ਜਾ ਰਹੇ ਹਨ