ਵੈਨੇਜ਼ੁਏਲਾ ‘ਚ ਭੂਚਾਲ ਦਾ ਕਹਿਰ, ਮਲਬੇ ਹੇਠੋਂ ਅਜੇ ਵੀ ਨਿਕਲ ਰਹੀਆਂ ਲਾਸ਼ਾਂ
ਕਰਾਕਸ (ਵੈਨੇਜ਼ੁਏਲਾ): ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲਾਂ ਨੇ ਵੱਡੀ ਤਬਾਹੀ ਮਚਾਈ ਹੈ। 25 ਜੂਨ ਨੂੰ ਆਏ ਦੋ ਤਾਕਤਵਰ ਭੂਚਾਲਾਂ ਤੋਂ ਬਾਅਦ ਦੇਸ਼ ਦੇ ਕਈ ਇਲਾਕਿਆਂ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਅਨੁਸਾਰ ਹੁਣ ਤੱਕ 1,430 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ
ਅਧਿਕਾਰੀਆਂ ਮੁਤਾਬਕ ਪਰਿਵਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕਰਵਾਈਆਂ ਗਈਆਂ ਹਨ। ਬਚਾਅ ਟੀਮਾਂ ਲਗਾਤਾਰ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਮਲਬੇ ਵਿੱਚੋਂ ਲਾਸ਼ਾਂ ਅਤੇ ਜ਼ਿੰਦਾ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ।

ਉੱਤਰੀ ਤੱਟੀ ਖੇਤਰਾਂ ‘ਚ ਲਗਾਤਾਰ ਮਹਿਸੂਸ ਹੋ ਰਹੇ ਹਨ ਝਟਕੇ
ਭੂਚਾਲ ਤੋਂ ਬਾਅਦ ਵੀ ਵੈਨੇਜ਼ੁਏਲਾ ਦੇ ਉੱਤਰੀ ਤੱਟੀ ਖੇਤਰਾਂ ਵਿੱਚ ਲਗਾਤਾਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਕਰਾਕਸ ਅਤੇ ਮਾਰਾਕੇ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਲਾ ਗੁਆਇਰਾ ‘ਚ ਸਭ ਤੋਂ ਵੱਧ ਤਬਾਹੀ
ਵੈਨੇਜ਼ੁਏਲਾ ਦੇ ਸਭ ਤੋਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਲਾ ਗੁਆਇਰਾ ਵਿੱਚ ਤਬਾਹੀ ਦਾ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦੀ ਭਾਲ ਲਈ ਬੇਲਚਿਆਂ, ਰੱਸੀਆਂ ਅਤੇ ਆਪਣੇ ਹੱਥਾਂ ਨਾਲ ਮਲਬਾ ਹਟਾਉਣ ਲਈ ਮਜਬੂਰ ਹਨ। ਭੂਚਾਲ ਕਾਰਨ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ, ਜਦਕਿ ਬਚਾਅ ਟੀਮਾਂ ਨੇ ਹੁਣ ਤੱਕ ਸੈਂਕੜੇ ਲੋਕਾਂ ਨੂੰ ਮਲਬੇ ਵਿੱਚੋਂ ਜ਼ਿੰਦਾ ਬਚਾਇਆ ਹੈ। ਸਥਾਨਕ ਪ੍ਰਸ਼ਾਸਨ ਅਤੇ ਬਚਾਅ ਏਜੰਸੀਆਂ ‘ਤੇ ਵਧਦੇ ਦਬਾਅ ਕਾਰਨ ਕਈ ਥਾਵਾਂ ‘ਤੇ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਲਈ ਖੁਦ ਹੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਵੈਨੇਜ਼ੁਏਲਾ ਦੀ ਕਾਰਜਕਾਰੀ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਸੜਕਾਂ ਨੂੰ ਖਾਲੀ ਰੱਖਣਾ ਜ਼ਰੂਰੀ ਹੈ ਤਾਂ ਜੋ ਪੁਲਿਸ, ਫਾਇਰ ਬ੍ਰਿਗੇਡ ਅਤੇ ਸਿਵਲ ਸੁਰੱਖਿਆ ਟੀਮਾਂ ਤੇਜ਼ੀ ਨਾਲ ਰਾਹਤ ਕਾਰਜ ਚਲਾ ਸਕਣ।

ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਸੈਂਕੜੇ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ, ਕਈ ਹਸਪਤਾਲ ਅਤੇ ਸ਼ਾਪਿੰਗ ਕੰਪਲੈਕਸ ਪੂਰੀ ਤਰ੍ਹਾਂ ਢਹਿ ਗਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਹੋਰ ਢਾਂਚਿਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਖ਼ਾਸ ਕਰਕੇ ਲਾ ਗੁਆਇਰਾ ਖੇਤਰ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿੱਥੇ ਦੇਸ਼ ਦਾ ਮੁੱਖ ਬੰਦਰਗਾਹ ਅਤੇ ਸਿਮੋਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡਾ ਸਥਿਤ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।