ਹਿਮਾਚਲ ‘ਚ ਬੱਦਲ ਫਟਣ ਨਾਲ ਤਬਾਹੀ, ਸ਼ਿਮਲਾ-ਕਿੰਨੌਰ NH-5 ਬੰਦ, ਵਾਹਨ ਫਸੇ
ਕਿੰਨੌਰ (ਹਿਮਾਚਲ ਪ੍ਰਦੇਸ਼): ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਕਿੰਨੌਰ ਜ਼ਿਲ੍ਹੇ ਦੇ ਚੋਲਿੰਗ ਇਲਾਕੇ ਵਿੱਚ ਅਚਾਨਕ ਬੱਦਲ ਫਟਣ ਕਾਰਨ ਭਾਰੀ ਹੜ੍ਹ ਆ ਗਿਆ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ। ਭਾਰੀ ਮੀਂਹ ਕਾਰਨ ਪਹਾੜੀਆਂ ਤੋਂ ਆਏ ਮਲਬੇ ਨੇ ਮੀਰੂ ਨਾਲੇ ਵਿੱਚ ਭਿਆਨਕ ਰੂਪ ਧਾਰ ਲਿਆ, ਜਿਸ ਨਾਲ ਰਾਸ਼ਟਰੀ ਰਾਜਮਾਰਗ NH-5 (ਕਾਜ਼ਾ-ਕਿੰਨੌਰ-ਸ਼ਿਮਲਾ ਰੂਟ) ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਘਟਨਾ ਨਾਲ ਸੜਕ ‘ਤੇ ਵਾਹਨ ਫਸ ਗਏ ਅਤੇ ਦੋ ਛੋਟੇ ਵਾਹਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਲਗਭਗ 30 ਮੀਟਰ ਸੜਕ ਮਲਬੇ ਹੇਠਾਂ
ਸਵੇਰੇ ਕਰੀਬ 4 ਵਜੇ ਚੋਲਿੰਗ ਸਕੂਲ ਨੇੜੇ ਅਚਾਨਕ ਆਏ ਹੜ੍ਹ ਨਾਲ ਲਗਭਗ 30 ਮੀਟਰ ਸੜਕ ਮਲਬੇ ਨਾਲ ਢੱਕ ਗਈ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਕਰਚਮ ਵੱਲ ਜਾਣ ਵਾਲੇ ਰਸਤੇ ‘ਤੇ ਵੀ ਸਥਿਤੀ ਗੰਭੀਰ ਬਣੀ ਰਹੀ।

6 ਘੰਟਿਆਂ ਬਾਅਦ ਅਸਥਾਈ ਬਹਾਲੀ
ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ ਕਰੀਬ ਛੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਸੜਕ ਨੂੰ ਅਸਥਾਈ ਤੌਰ ‘ਤੇ ਬਹਾਲ ਕਰ ਦਿੱਤਾ ਹੈ। ਇਸ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਹੌਲੀ-ਹੌਲੀ ਸ਼ੁਰੂ ਕੀਤੀ ਗਈ ਹੈ, ਜਦਕਿ ਪੁਲਿਸ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਵਿੱਚ ਲੱਗੀ ਹੋਈ ਹੈ।

ਕਿੰਨੌਰ ਪ੍ਰਸ਼ਾਸਨ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਦੀਆਂ, ਨਾਲਿਆਂ ਅਤੇ ਭੂਸਖਲਨ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ। ਨਾਲ ਹੀ ਬਿਨਾਂ ਲੋੜ ਯਾਤਰਾ ਅਤੇ ਟ੍ਰੈਕਿੰਗ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਆਫ਼ਤ ਦੀ ਸਥਿਤੀ ਵਿੱਚ ਤੁਰੰਤ ਸਥਾਨਕ ਪ੍ਰਸ਼ਾਸਨ ਅਤੇ ਡਿਜਾਸਟਰ ਮੈਨੇਜਮੈਂਟ ਟੀਮ ਨਾਲ ਸੰਪਰਕ ਕੀਤਾ ਜਾਵੇ।