E20 ਪੈਟਰੋਲ ‘ਤੇ ਕੇਜਰੀਵਾਲ ਨੇ 29 ਆਟੋਮੋਬਾਈਲ ਕੰਪਨੀਆਂ ਤੋਂ ਮੰਗਿਆ ਜਵਾਬ, ਪੰਜਾਬ ‘ਚ ਧਾਲੀਵਾਲ ਨੇ ਕੀਤੀ ਪੈਟਰੋਲ ਪੰਪਾਂ ਦੀ ਜਾਂਚ
E20 ਪੈਟਰੋਲ ‘ਤੇ ਕੇਜਰੀਵਾਲ ਨੇ 29 ਆਟੋਮੋਬਾਈਲ ਕੰਪਨੀਆਂ ਤੋਂ ਮੰਗਿਆ ਜਵਾਬ, ਪੰਜਾਬ ‘ਚ ਧਾਲੀਵਾਲ ਨੇ ਕੀਤੀ ਪੈਟਰੋਲ ਪੰਪਾਂ ਦੀ ਜਾਂਚ
ਨਵੀਂ ਦਿੱਲੀ/ਚੰਡੀਗੜ੍ਹ: E20 ਪੈਟਰੋਲ ਨੂੰ ਲੈ ਕੇ ਦੇਸ਼ ਵਿੱਚ ਚੱਲ ਰਹੀ ਚਰਚਾ ਦਰਮਿਆਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 29 ਆਟੋਮੋਬਾਈਲ ਕੰਪਨੀਆਂ ਨੂੰ ਪੱਤਰ ਲਿਖ ਕੇ ਇੱਕ ਹਫ਼ਤੇ ਦੇ ਅੰਦਰ ਆਪਣਾ ਅਧਿਕਾਰਕ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ E20 ਪੈਟਰੋਲ ਦੀ ਵਰਤੋਂ ਨੂੰ ਲੈ ਕੇ ਵਾਹਨ ਮਾਲਕਾਂ ਵਿੱਚ ਸੁਰੱਖਿਆ, ਮਾਈਲੇਜ ਅਤੇ ਇੰਜਣ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਕਈ ਸਵਾਲ ਹਨ, ਜਿਨ੍ਹਾਂ ਦੇ ਸਪੱਸ਼ਟ ਜਵਾਬ ਮਿਲਣੇ ਚਾਹੀਦੇ ਹਨ।

ਤਿੰਨ ਵੱਡੀਆਂ ਕੰਪਨੀਆਂ ਤੋਂ ਵਿਸ਼ੇਸ਼ ਸਪੱਸ਼ਟੀਕਰਨ ਦੀ ਮੰਗ
ਕੇਜਰੀਵਾਲ ਨੇ ਦੱਸਿਆ ਕਿ 26 ਕੰਪਨੀਆਂ ਨੂੰ ਆਮ ਪੱਤਰ ਭੇਜਿਆ ਗਿਆ ਹੈ, ਜਦਕਿ ਮਾਰੂਤੀ ਸੁਜ਼ੂਕੀ, ਟੋਯੋਟਾ ਕਿਰਲੋਸਕਰ ਮੋਟਰ ਅਤੇ ਹੀਰੋ ਮੋਟੋਕਾਰਪ ਨੂੰ ਵਿਸਥਾਰ ਨਾਲ ਵੱਖਰੇ ਪੱਤਰ ਭੇਜੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ 2023 ਤੋਂ ਪਹਿਲਾਂ ਦੇ ਵਾਹਨਾਂ ਵਿੱਚ ਵੀ E20 ਪੈਟਰੋਲ ਸੁਰੱਖਿਅਤ ਹੈ ਅਤੇ ਇਸ ਨਾਲ ਮਾਈਲੇਜ ਵਿੱਚ ਸਿਰਫ਼ 3 ਤੋਂ 5 ਫ਼ੀਸਦੀ ਤੱਕ ਦੀ ਕਮੀ ਆਉਂਦੀ ਹੈ। ਦੂਜੇ ਪਾਸੇ, ਕੁਝ ਵਾਹਨਾਂ ਦੇ ਮਾਲਕਾਂ ਦੇ ਮੈਨੂਅਲ ਵਿੱਚ 10 ਫ਼ੀਸਦੀ ਤੋਂ ਵੱਧ ਇਥੇਨੌਲ ਮਿਲੇ ਪੈਟਰੋਲ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਨੇ ਕੰਪਨੀਆਂ ਤੋਂ ਆਪਣਾ ਅਧਿਕਾਰਕ ਰੁਖ਼ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।
ਮੁਆਵਜ਼ੇ ਨੂੰ ਲੈ ਕੇ ਵੀ ਉਠਾਏ ਸਵਾਲ
ਕੇਜਰੀਵਾਲ ਨੇ ਕੰਪਨੀਆਂ ਤੋਂ ਪੁੱਛਿਆ ਹੈ ਕਿ ਜੇਕਰ E20 ਪੈਟਰੋਲ ਦੀ ਵਰਤੋਂ ਨਾਲ ਵਾਹਨਾਂ ਦਾ ਮਾਈਲੇਜ ਵੱਧ ਘਟਦਾ ਹੈ ਜਾਂ ਇੰਜਣ ਅਤੇ ਹੋਰ ਪੁਰਜ਼ਿਆਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਕੀ ਕੰਪਨੀਆਂ ਖਪਤਕਾਰਾਂ ਨੂੰ ਮੁਆਵਜ਼ਾ ਦੇਣ ਲਈ ਤਿਆਰ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਤਕਨੀਕੀ ਨਹੀਂ, ਸਗੋਂ ਲੱਖਾਂ ਵਾਹਨ ਮਾਲਕਾਂ ਦੇ ਹੱਕਾਂ ਨਾਲ ਜੁੜਿਆ ਮੁੱਦਾ ਹੈ।
ਜ਼ਮੀਨੀ ਹਕੀਕਤ ਜਾਣਨ ਦੀ ਗੱਲ
AAP ਆਗੂ ਨੇ ਕਿਹਾ ਕਿ ਉਹ ਪੈਟਰੋਲ ਪੰਪਾਂ, ਸਰਵਿਸ ਸੈਂਟਰਾਂ ਅਤੇ ਸਥਾਨਕ ਮਕੈਨਿਕਾਂ ਨਾਲ ਵੀ ਗੱਲਬਾਤ ਕਰਕੇ E20 ਪੈਟਰੋਲ ਦੇ ਪ੍ਰਭਾਵ ਬਾਰੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰਨਗੇ।
ਕੇਂਦਰ ਸਰਕਾਰ ‘ਤੇ ਲਗਾਏ ਦੋਸ਼
ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ E20 ਪੈਟਰੋਲ ਬਾਰੇ ਵੱਖ-ਵੱਖ ਮੰਚਾਂ ‘ਤੇ ਵਿਰੋਧੀ ਬਿਆਨ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇੱਕ ਪਾਸੇ ਜਾਂਚ ਜਾਰੀ ਹੋਣ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਦੀ ਹੈ ਤਾਂ ਇਸ ਨਾਲ ਲੋਕਾਂ ਵਿੱਚ ਭੰਬਲਭੂਸਾ ਪੈਦਾ ਹੁੰਦਾ ਹੈ।
ਧਾਲੀਵਾਲ ਨੇ ਕੀਤੀ ਪੈਟਰੋਲ ਪੰਪਾਂ ਦੀ ਜਾਂਚ
ਇਸ ਦੌਰਾਨ ਪੰਜਾਬ ‘ਆਪ’ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨਾਲ ਮਿਲ ਕੇ ਇੱਕ ਪੈਟਰੋਲ ਪੰਪ ‘ਤੇ ਜਾਂਚ ਕੀਤੀ।
ਇਥੇਨੌਲ ਦੀ ਮਿਲਾਵਟ ਕਾਰਨ ਗੱਡੀਆਂ ਖ਼ਰਾਬ ਹੋਣ ਦੀਆਂ ਬਹੁਤ ਰਿਪੋਰਟਾਂ ਆ ਰਹੀਆਂ ਹਨ। ਇਸ ਲਈ ਮੈਂ ਅਧਿਕਾਰੀਆਂ ਨਾਲ ਪੈਟਰੋਲ ਪੰਪ 'ਤੇ ਚੈਕਿੰਗ ਮੁਹਿੰਮ ਚਲਾ ਰਿਹਾ ਹਾਂ। ਮੋਦੀ ਸਰਕਾਰ ਪੈਟਰੋਲ ਦੇ ਰੇਟ ਤਾਂ ਘੱਟ ਨਹੀਂ ਕਰੇਗੀ ਜਦਕਿ ਤੇਲ ਕੰਪਨੀਆਂ ਹਜ਼ਾਰਾਂ ਕਰੋੜਾਂ ਦਾ ਮੁਨਾਫ਼ਾ ਕਮਾ ਰਹੀਆਂ ਹਨ।
एथेनॉल की मिलावट की वजह से गाड़िया खराब… pic.twitter.com/p4bMTzc7Wa
— Kuldeep Singh Dhaliwal (@KuldeepSinghAAP) July 7, 2026
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਥੇਨੌਲ ਮਿਸ਼ਰਣ ਕਾਰਨ ਵਾਹਨਾਂ ਦੇ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
ਕੇਂਦਰੀ ਸੰਚਾਰ ਬਿਊਰੋ ਦੀ ਸਫ਼ਾਈ
ਦੂਜੇ ਪਾਸੇ, ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ ਨੇ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ਵਿੱਚ ਕਿਹਾ ਕਿ ਇਥੇਨੌਲ ਮਿਸ਼ਰਣ ਪ੍ਰੋਗਰਾਮ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਹੈ ਅਤੇ ਸਰਕਾਰ ਇਸ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਬਿਊਰੋ ਅਨੁਸਾਰ, ਇਹ ਪ੍ਰੋਗਰਾਮ 2003 ਵਿੱਚ ਕੱਚੇ ਤੇਲ ਦੀ ਦਰਾਮਦ ਘਟਾਉਣ, ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣ ਦੀ ਰੱਖਿਆ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਸਰਕਾਰ ਦਾ ਕਹਿਣਾ ਹੈ ਕਿ ਤਕਨੀਕੀ ਤਿਆਰੀਆਂ ਅਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਇਸ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਗਿਆ ਹੈ।





