ਤਬਾਹੀ ਦੇ 9 ਦਿਨਾਂ ਬਾਅਦ ਸੁਰੰਗ ’ਚੋਂ ਜ਼ਿੰਦਾ ਨਿਕਲੇ 2 ਮਜ਼ਦੂਰ, ਰੈਸਕਿਊ ਟੀਮ ਨੇ ਇੰਝ ਬਚਾਈ ਜਾਨ
ਕਾਠਮੰਡੂ: ਨੇਪਾਲ ਵਿੱਚ 26 ਅਗਸਤ ਨੂੰ ਆਏ ਭਿਆਨਕ ਅਚਾਨਕ ਹੜ੍ਹਾਂ ਤੋਂ ਨੌਂ ਦਿਨਾਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਵੱਡੀ ਉਮੀਦ ਜਾਗੀ ਹੈ। ਤ੍ਰਿਸ਼ੂਲੀ-3ਏ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਇੱਕ ਸੁਰੰਗ ਵਿੱਚ ਫਸੇ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਬਚਾਏ ਗਏ ਦੋਵੇਂ ਵਿਅਕਤੀ ਪ੍ਰੋਜੈਕਟ ਨਾਲ ਜੁੜੇ ਕਰਮਚਾਰੀ ਹਨ।ਬਚਾਏ ਗਏ ਮਜ਼ਦੂਰਾਂ ਦੀ ਪਛਾਣ ਮਕੈਨੀਕਲ ਫੋਰਮੈਨ ਸੰਜੇ ਸਾਹ ਅਤੇ ਮਕੈਨੀਕਲ ਸੁਪਰਵਾਈਜ਼ਰ ਕਬੀਰ ਮਹਾਜਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਹਿਲਾਂ ਸੰਜੇ ਸਾਹ ਨੂੰ ਸੁਰੰਗ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਇਸ ਤੋਂ ਬਾਅਦ ਕਬੀਰ ਮਹਾਜਨ ਨੂੰ ਵੀ ਰੈਸਕਿਊ ਕਰ ਲਿਆ ਗਿਆ।

ਸੁਰੰਗ ਅੰਦਰੋਂ ਆਈਆਂ ਆਵਾਜ਼ਾਂ ਨੇ ਜਗਾਈ ਉਮੀਦ
ਬਚਾਅ ਟੀਮ ਲਈ ਸਭ ਤੋਂ ਵੱਡਾ ਮੋੜ ਉਸ ਸਮੇਂ ਆਇਆ, ਜਦੋਂ ਸੁਰੰਗ ਦੇ ਅੰਦਰੋਂ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ। ਟੀਮ ਨੇ ਅੰਦਰ ਫਸੇ ਲੋਕਾਂ ਨੂੰ ਆਵਾਜ਼ ਮਾਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਅਤੇ ਉਹ ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਹਨ। ਇਸ ਦੇ ਜਵਾਬ ਵਿੱਚ ਸੁਰੰਗ ਦੇ ਅੰਦਰੋਂ ਆਵਾਜ਼ ਆਈ।ਆਵਾਜ਼ਾਂ ਦਾ ਪਤਾ ਲੱਗਣ ਤੋਂ ਬਾਅਦ ਨੇਪਾਲੀ ਫੌਜ ਅਤੇ ਆਰਮਡ ਪੁਲਿਸ ਫੋਰਸ ਦੀਆਂ ਟੀਮਾਂ ਨੇ ਬਚਾਅ ਕਾਰਵਾਈ ਤੇਜ਼ ਕਰ ਦਿੱਤੀ। ਰੈਸਕਿਊ ਟੀਮਾਂ ਨੇ ਸੁਰੰਗ ਦੇ ਅੰਦਰ ਮੌਜੂਦ ਲੋਕਾਂ ਨਾਲ ਸੰਪਰਕ ਸਥਾਪਤ ਕੀਤਾ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ।
900 ਤੋਂ ਵੱਧ ਪਣ-ਬਿਜਲੀ ਕਰਮਚਾਰੀ ਲਾਪਤਾ
26 ਅਗਸਤ ਨੂੰ ਆਏ ਹੜ੍ਹਾਂ ਨੇ ਨੇਪਾਲ ਦੇ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ। ਤ੍ਰਿਸ਼ੂਲੀ ਨਦੀ ਦੇ ਕੋਰੀਡੋਰ ਵਿੱਚ ਹੜ੍ਹਾਂ ਕਾਰਨ ਕਈ ਪਣ-ਬਿਜਲੀ ਪ੍ਰੋਜੈਕਟਾਂ ਅਤੇ ਸੜਕੀ ਸੰਪਰਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ।ਹੜ੍ਹਾਂ ਤੋਂ ਬਾਅਦ 12 ਹਾਈਡ੍ਰੋਪਾਵਰ ਪ੍ਰੋਜੈਕਟਾਂ ਨਾਲ ਜੁੜੇ 900 ਤੋਂ ਵੱਧ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਸੈਂਕੜੇ ਲੋਕਾਂ ਦੇ ਸੁਰੰਗਾਂ ਅਤੇ ਹੋਰ ਭੂਮੀਗਤ ਹਿੱਸਿਆਂ ਵਿੱਚ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਰਾਸੁਵਾ ਅਤੇ ਨੁਵਾਕੋਟ ਵਿੱਚ ਹੜ੍ਹ ਪ੍ਰਭਾਵਿਤ ਹਾਈਡ੍ਰੋਪਾਵਰ ਪ੍ਰੋਜੈਕਟਾਂ ਨਾਲ ਜੁੜੇ ਕਰੀਬ 500 ਲਾਪਤਾ ਕਰਮਚਾਰੀਆਂ ਦੇ ਸੁਰੰਗਾਂ ਅੰਦਰ ਫਸੇ ਹੋਣ ਦਾ ਵੀ ਸ਼ੱਕ ਹੈ। ਕੁਝ ਕਾਮਿਆਂ ਨੇ ਹੜ੍ਹ ਆਉਣ ਸਮੇਂ ਮਦਦ ਲਈ ਆਵਾਜ਼ਾਂ ਮਾਰੀਆਂ ਸਨ, ਜਦਕਿ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ ਕੁਝ ਲੋਕਾਂ ਨੇ ਆਪਣੇ ਸਾਥੀਆਂ ਦੇ ਅੰਦਰ ਫਸੇ ਰਹਿਣ ਬਾਰੇ ਜਾਣਕਾਰੀ ਦਿੱਤੀ।

ਆਕਸੀਜਨ ਘਟਣ ਕਾਰਨ ਵਧੀ ਚਿੰਤਾ
ਸੁਰੰਗਾਂ ਦੇ ਅੰਦਰ ਲੰਬੇ ਸਮੇਂ ਤੋਂ ਫਸੇ ਲੋਕਾਂ ਨੂੰ ਲੈ ਕੇ ਹੁਣ ਸਭ ਤੋਂ ਵੱਡੀ ਚਿੰਤਾ ਆਕਸੀਜਨ ਦੇ ਪੱਧਰ ਨੂੰ ਲੈ ਕੇ ਹੈ। ਬਚਾਅ ਕਾਰਜ ਜਿੰਨਾ ਲੰਬਾ ਖਿੱਚ ਰਿਹਾ ਹੈ, ਸੁਰੰਗਾਂ ਅੰਦਰ ਹਵਾ ਅਤੇ ਆਕਸੀਜਨ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਵੀ ਵਧ ਰਹੀ ਹੈ।ਹਾਲਾਂਕਿ ਦੋ ਮਜ਼ਦੂਰਾਂ ਨੂੰ ਨੌਂ ਦਿਨਾਂ ਬਾਅਦ ਜ਼ਿੰਦਾ ਬਚਾਇਆ ਜਾਣਾ ਰੈਸਕਿਊ ਟੀਮਾਂ ਅਤੇ ਲਾਪਤਾ ਕਰਮਚਾਰੀਆਂ ਦੇ ਪਰਿਵਾਰਾਂ ਲਈ ਉਮੀਦ ਦੀ ਵੱਡੀ ਕਿਰਨ ਬਣਿਆ ਹੈ।ਬਚਾਅ ਟੀਮਾਂ ਦਾ ਮੰਨਣਾ ਹੈ ਕਿ ਸੁਰੰਗਾਂ ਵਿੱਚ ਹੋਰ ਲੋਕ ਵੀ ਫਸੇ ਹੋ ਸਕਦੇ ਹਨ। ਇਸ ਲਈ ਨੇਪਾਲੀ ਫੌਜ ਅਤੇ ਆਰਮਡ ਪੁਲਿਸ ਫੋਰਸ ਵੱਲੋਂ ਖੋਜ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ।26 ਅਗਸਤ ਦੀ ਕੁਦਰਤੀ ਆਫ਼ਤ ਨੇ ਨੇਪਾਲ ਵਿੱਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਸੜਕਾਂ, ਪੁਲਾਂ ਅਤੇ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਣ ਕਾਰਨ ਰੈਸਕਿਊ ਟੀਮਾਂ ਨੂੰ ਵੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਸੁਰੰਗਾਂ ਅਤੇ ਨੁਕਸਾਨੇ ਗਏ ਢਾਂਚਿਆਂ ਵਿੱਚ ਫਸੇ ਲੋਕਾਂ ਦੀ ਭਾਲ ਜਾਰੀ ਹੈ।
ਸਾਡੀ ਧਰਤੀ ਸਾਡੇ ਲੋਕ