ਰਾਜਾ ਵੜਿੰਗ ਨੇ ਕਿਹਾ ਕਾਂਗਰਸ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰੇਗੀ।
ਫਿਰੋਜ਼ਪੁਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮਾਂ ਦੌਰਾਨ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰਿਕ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਉਣਾ ਹਰ ਵਿਅਕਤੀ ਦਾ ਹੱਕ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਮੋਹਨਜੀਤ ਮਾਮਲੇ ਸਬੰਧੀ ਪ੍ਰਦਰਸ਼ਨ
ਦਰਅਸਲ, ਪਿਛਲੇ ਦਿਨੀਂ ਸੰਗਰੂਰ ਵਿੱਚ ਇੱਕ ਨੌਜਵਾਨ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਲਜ਼ਾਮ ਲਗਾਇਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ “ਲੋਕ ਮਿਲਣੀ” ਪ੍ਰੋਗਰਾਮ ਦੌਰਾਨ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਰੋਸ ਵਜੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ। ਜਿਸ ਤੋਂ ਬਾਅਦ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਵੀ ਵਿਰੋਧ ਜਤਾਇਆ ਗਿਆ ਸੀ। ਹੁਣ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਰਕਾਰ ਖ਼ਿਲਾਫ਼ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
“ਮੋਹਨਜੀਤ ਸ਼ੇਰੋਂ ਨੂੰ ਕਾਲੇ ਝੰਡੇ ਦਿਖਾਉਣ ‘ਤੇ ਕੁੱਟਿਆ ਗਿਆ”
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ “ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ੀਰਾ ਵਿੱਚ ਪਹੁੰਚ ਰਹੇ ਹਨ। ਜਿਸ ਵਿੱਚ ਮੈਨੂੰ ਲੱਗਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਆ ਗਈ ਹੈ। ਜਿਸ ਤਰ੍ਹਾਂ ਸੰਗੂਰਰ ਵਿੱਚ ਇੱਕ ਨੌਜਵਾਨ ਮੋਹਨਜੀਤ ਸ਼ੇਰੋਂ ਨੂੰ ਕਾਲੇ ਝੰਡੇ ਦਿਖਾਉਣ ‘ਤੇ ਕੁੱਟਿਆ ਗਿਆ, ਇਹ ਪੂਰੇ ਪੰਜਾਬ ਦੇ ਲੋਕਾਂ ਨੇ ਤੇ ਪੂਰੇ ਪੰਜਾਬ ਦੀ ਮੀਡੀਆ ਨੇ ਦੇਖਿਆ ਹੈ।”

“ਸੰਗਰੂਰ ਵਿੱਚ ਜਿਸ ਨੌਜਵਾਨ ਨਾਲ ਕੁੱਟਮਾਰ ਹੋਈ, ਉਸ ਨਾਲ ਜੋ ਕੁਝ ਹੋਇਆ, ਉਹ ਬਹੁਤ ਗੰਭੀਰ ਮਾਮਲਾ ਹੈ। ਰਾਹੁਲ ਗਾਂਧੀ ਨੇ ਵੀ ਇਸ ਮਾਮਲੇ ’ਤੇ ਵਿਰੋਧ ਜਤਾਇਆ ਹੈ। ਕਾਂਗਰਸ ਪੰਜਾਬ ਵਿੱਚ ਲੋਕਤੰਤਰਿਕ ਢੰਗ ਨਾਲ ਇਸ ਦਾ ਵਿਰੋਧ ਕਰੇਗੀ। ਮੁੱਖ ਮੰਤਰੀ ਜਿੱਥੇ-ਜਿੱਥੇ ਜਾਣਗੇ, ਕਾਂਗਰਸ ਉੱਥੇ ਕਾਲੇ ਝੰਡੇ ਦਿਖਾਏਗੀ। ਅੱਜ ਜ਼ੀਰਾ ਵਿੱਚ ਵੀ ਮੁੱਖ ਮੰਤਰੀ ਦੇ ਪ੍ਰੋਗਰਾਮ ਦੌਰਾਨ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾਵੇਗਾ।”- ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਪ੍ਰਧਾਨ
“ਕਾਲੇ ਝੰਡੇ ਦਿਖਾਉਣ ਤੇ ਨੌਜਵਾਨ ‘ਤੇ ਕੀਤਾ ਤਸ਼ੱਦਦ”
ਰਾਜਾ ਵੜਿੰਗ ਨੇ ਕਿਹਾ ਕਿ “ਇਸੇ ਕਰਕੇ ਹੁਣ ਇਹ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ-ਜਿੱਥੇ ਵੀ ਜਾਵੇਗਾ, ਸਾਡੀ ਕਾਂਗਰਸ ਪਾਰਟੀ ਪੰਜਾਬ ਭਰ ਵਿੱਚ ਇਸਨੂੰ ਕਾਲੇ ਝੰਡੇ ਦਿਖਾਉਣ ਦਾ ਕੰਮ ਕਰੇਗੀ। ਜੇਕਰ ਤੁਹਾਨੂੰ ਕਿਸੇ ਬੰਦੇ ਨੇ ਝੰਡਾ ਦਿਖਾ ਦਿੱਤਾ, ਉਸ ਦੇ ਅਜਿਹੇ ਹਾਲਾਤ ਬਣਾ ਦਿੱਤੇ, ਜਿਵੇਂ ਉਹ ਇਸਲਾਮ ਦੇਸ਼ ਵਿੱਚ ਰਹਿ ਹੋਵੇ ਕਿ ਉਹ ਆਪਣੀ ਅਵਾਜ ਬੁਲੰਦ ਹੀ ਨਹੀਂ ਕਰ ਸਕਦਾ। ਉਸਦੇ ਕੰਨ ਦਾ ਪਰਦਾ ਫਾੜ ਦਿੱਤਾ, ਪ੍ਰਾਇਵੇਟ ਪਾਰਟ ‘ਤੇ ਕਰੰਟ ਲਗਾਇਆ ਗਿਆ, ਉਸ ‘ਤੇ ਤਸ਼ੱਦਦ ਕੀਤਾ ਗਿਆ। ਇਹ ਜਿਹੜਾ ਮੁੱਖ ਮੰਤਰੀ ਹੈ, ਇਹ ਆਪਣੀ ਗੱਲ ‘ਤੇ ਤਾਂ ਰਹਿੰਦਾ ਹੀ ਨਹੀਂ, ਕਦੇ ਕੁਝ ਬਿਆਨ ਦੇ ਦਿੰਦਾ ਹੈ, ਕਦੇ ਕੁਝ।”ਫਿਲਹਾਲ ਸੰਗਰੂਰ ਦੀ ਘਟਨਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮਾਂ ਦੌਰਾਨ ਕਾਲੇ ਝੰਡੇ ਦਿਖਾ ਕੇ ਵਿਰੋਧ ਦਾ ਸਿਲਸਿਲਾ ਜਾਰੀ ਰਹੇਗਾ। ਹੁਣ ਦੇਖਣਾ ਹੋਵੇਗਾ ਕਿ ਜ਼ੀਰਾ ਵਿੱਚ ਮੁੱਖ ਮੰਤਰੀ ਦੇ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਇਸ ਐਲਾਨ ਦਾ ਕੀ ਅਸਰ ਦੇਖਣ ਨੂੰ ਮਿਲਦਾ ਹੈ ਅਤੇ ਸਰਕਾਰ ਵੱਲੋਂ ਇਸ ’ਤੇ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ।