ਡਾ. ਭੀਮ ਰਾਓ ਅੰਬੇਡਕਰ ਦੀ ਬੇਅਦਬੀ ਮਾਮਲਾ: ਸੜਕਾਂ ‘ਤੇ ਲੱਗੇ ਜਾਮ
ਲੁਧਿਆਣਾ/ਅੰਮ੍ਰਿਤਸਰ: ਲੁਧਿਆਣੇ ਦੇ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਅੱਜ ਕੁਝ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਹਾਲਾਂਕਿ ਬਾਜ਼ਾਰ ਤਾਂ ਖੁੱਲੇ ਰਹੇ। ਪਰ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਲੁਧਿਆਣਾ ਜਲੰਧਰ ਬਾਈਪਾਸ ‘ਤੇ ਵੱਡਾ ਜਾਮ ਲਗਾ ਦਿੱਤਾ ਰਸਤੇ ਬੰਦ ਕਰ ਦਿੱਤੇ। ਇਸ ਤਰ੍ਹਾਂ ਲੋਕ ਵੀ ਕਾਫੀ ਖੱਜਲ-ਖੁਆਰ ਹੁੰਦੇ ਵਿਖਾਈ ਦਿੱਤੇ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਝਾਇਆ ਗਿਆ। ਹਾਲਾਂਕਿ ਬਾਅਦ ਦੁਪਹਿਰ ਇਹ ਜਾਮ ਖੁਲਵਾ ਦਿੱਤਾ ਗਿਆ। ਡੀਸੀ ਨੇ ਇਸ ਗੱਲ ਦਾ ਭਰੋਸਾ ਦਿੱਤਾ ਕੱਲ ਮੁੜ ਤੋਂ ਜਥੇਬੰਦੀਆਂ ਦੀ ਡੀਸੀ ਦੇ ਨਾਲ ਮੀਟਿੰਗ ਹੋਵੇਗੀ।

ਇਸ ਤੋਂ ਪਹਿਲਾਂ ਜਾਮ ਵੀ ਜਥੇਬੰਦੀਆਂ ਵੱਲੋਂ ਲਗਾਇਆ ਗਿਆ। ਇਸ ਦੌਰਾਨ ਭਾਜਪਾ ਦੇ ਆਗੂਆਂ ਵੱਲੋਂ ਇਲਜ਼ਾਮ ਲਗਾਏ ਗਏ ਹਨ। ਭਾਜਪਾ ਆਗੂ ਗੁਰਦੀਪ ਗੋਸ਼ਾ ਨੇ ਕਿਹਾ ਕਿ “ਅੱਜ ਅੰਬੇਡਕਰ ਦੀ ਬੇਅਦਬੀ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਹੈ, ਕੈਮਰੇ ਵੀ ਲਗਾ ਦਿੱਤੇ ਗਏ ਹਨ। ਜੋ ਕਿ ਪਹਿਲਾਂ ਹੀ ਲੱਗੇ ਹੋਣੇ ਚਾਹੀਦੇ ਸਨ ਤਾਂ ਜਿਸ ਕਿਸੇ ਲਈ ਵੀ ਇਹ ਕੀਤਾ ਸੀ ਜਾਂ ਤਾਂ ਉਹ ਨਾ ਕਰਦਾ ਜਾਂ ਫਿਰ ਫੜਿਆ ਜਾਂਦਾ ਪਰ ਹੁਣ ਪ੍ਰਸ਼ਾਸਨ ਨੂੰ ਜੱਗਿਆ ਹੈ। ਇਹ ਬੜੀ ਮੰਦਭਾਗੀ ਗੱਲ ਹੈ, ਕਿ ਸੰਵਿਧਾਨ ਰਚਿਤਾ ਦੀ ਇਸ ਤਰ੍ਹਾਂ ਬੇਅਦਬੀ ਹੋਵੇ। ਇਸ ‘ਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।”
ਜਾਮ ਵਿੱਚ ਫਸੇ ਲੋਕ
ਹਾਲਾਂਕਿ ਇਸ ਦੌਰਾਨ ਵੱਡੇ ਜਾਮ ਦੇ ਵਿੱਚ ਕੁਝ ਲੋਕ ਵੀ ਫਸੇ ਹੋਏ ਵਿਖਾਈ ਦਿੱਤੇ। ਆਮ ਲੋਕਾਂ ਨੇ ਵੀ ਕਿਹਾ ਕਿ “ਇਹ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ। ਇਹ ਸਿਆਸਤ ਤੋਂ ਪ੍ਰੇਰਿਤ ਹੈ, ਇਸ ਦੇ ਪਿੱਛੇ ਕੌਣ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ। ਪਰ ਆਮ ਲੋਕਾਂ ਨੂੰ ਨਹੀਂ ਪ੍ਰੇਸ਼ਾਨ ਕਰਨਾ ਚਾਹੀਦਾ।”
ਜਥੇਬੰਦੀਆਂ ਨਾਲ ਮੀਟਿੰਗ
ਇਸ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ “ਅੱਜ ਸਾਡੀ ਜਥੇਬੰਦੀਆਂ ਨਾਲ ਮੀਟਿੰਗ ਹੋਈ ਹੈ, ਜੋ ਵੀ ਉਨ੍ਹਾਂ ਦੀਆਂ ਮੰਗਾਂ ਸਨ। ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ, ਇਨ-ਬਿਨ ਪਾਲਣਾ ਕੀਤੀ ਗਈ ਹੈ। ਕੈਮਰੇ ਲਵਾਉਣ ਦੀ ਉੱਥੇ ਮੰਗ ਕੀਤੀ ਗਈ ਸੀ ਜੋ ਕਿ ਐਸਡੀਐਮ ਨੂੰ ਉਸੇ ਵੇਲੇ ਨਿਰਦੇਸ਼ ਦੇ ਕੇ ਉੱਥੇ ਕੈਮਰੇ ਲਗਵਾਏ ਗਏ ਹਨ ਅਤੇ ਹੋਰ ਜੋ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ।”
“ਅਸੀਂ ਉਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਹਾਂ ਅਤੇ ਜਿਸ ਕਿਸੇ ਵੱਲੋਂ ਵੀ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਅਸੀਂ ਟੀਮਾਂ ਦਾ ਗਠਨ ਕਰ ਦਿੱਤਾ ਹੈ ਜੋ ਕਿ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਹੋਰ ਅਧਿਕਾਰੀ ਦੇ ਨਾਲ ਕੱਲ 11 ਵਜੇ ਜਥੇਬੰਦੀਆਂ ਦੀ ਬੈਠਕ ਹੈ।”-ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਵਿੱਚ ਵੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਭਾਰੀ ਰੋਸ ਪਾਇਆ ਗਿਆ
ਅੰਮ੍ਰਿਤਸਰ ਦੇ ਭੰਡਾਰੀ ਪੁੱਲ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪਾਇਆ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਭੰਡਾਰੀ ਪੁੱਲ ਤੋਂ ਹੈਰੀਟੇਜ ਸਟਰੀਟ ਸਥਿਤ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਰੋਸ ਮਾਰਚ ਵੀ ਕੱਢਿਆ ਗਿਆ।