ਪਟਿਆਲਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਦੇ ਪਿੰਡ ਹਡਾਣਾ ਪਹੁੰਚੇ। ਉਨ੍ਹਾਂ ਨੇ ਕਾਰਗਿਲ ਸ਼ਹੀਦ ਨਾਇਕ ਮਲਕੀਤ ਸਿੰਘ ਦੀ 26ਵੀਂ ਬਰਸੀ ਮੌਕੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਕੇ ਸ਼ਹੀਦ ਨੂੰ ਨਮਨ ਕੀਤਾ।

ਸ਼ਹੀਦ ਨਾਇਕ ਮਲਕੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
ਇਸ ਮੌਕੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ “ਸ਼ਹੀਦਾਂ, ਕ੍ਰਾਂਤੀਕਾਰੀ ਵੀਰਾਂ ਅਤੇ ਮਹਾਂਪੁਰਖਾਂ ਦੇ ਦਿਹਾੜੇ ਸਾਂਝੇ ਤੌਰ ’ਤੇ ਮਨਾਉਣਾ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਅੱਜ ਸ਼ਹੀਦ ਨਾਇਕ ਮਲਕੀਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਨਮਨ ਕਰਨ ਦਾ ਮੌਕਾ ਮਿਲਿਆ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।” ਉਨ੍ਹਾਂ ਕਿਹਾ ਕਿ ਦੇਸ਼ ਦੇ ਬਹਾਦਰ ਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਭਾਰਤ ਮਾਤਾ ਦੀ ਰੱਖਿਆ ਲਈ ਸਰਹੱਦਾਂ ’ਤੇ ਡਟੇ ਰਹਿੰਦੇ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਵਾਸੀ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਨ। ਉਨ੍ਹਾਂ ਸ਼ਹੀਦ ਨਾਇਕ ਮਲਕੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਨਮਨ ਕੀਤਾ।
ਪੰਜਾਬ ਸਰਕਾਰ ’ਤੇ ਸਾਧਿਆ ਨਿਸ਼ਾਨਾ
ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਝੂਠੇ ਵਾਅਦਿਆਂ ਦੇ ਸਹਾਰੇ ਸੱਤਾ ਹਾਸਲ ਕੀਤੀ। ਸੈਣੀ ਨੇ ਕਿਹਾ ਕਿ ਕਾਂਗਰਸ ਨੇ ਲੰਮੇ ਸਮੇਂ ਤੱਕ ਪੰਜਾਬ ਨੂੰ ਪਿੱਛੇ ਲਿਜਾਣ ਦਾ ਕੰਮ ਕੀਤਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਵੀ ਤੇਜ਼ ਰਫ਼ਤਾਰ ਨਾਲ ਪੰਜਾਬ ਨੂੰ ਪਿੱਛੇ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਮਾਨਦਾਰ ਸਰਕਾਰ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ, ਪਰ ਸਰਕਾਰ ਦੇ ਕੰਮਕਾਜ ਤੋਂ ਲੋਕ ਨਿਰਾਸ਼ ਹੋਏ ਹਨ।
ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੀ ਸਰਕਾਰ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ।
ਹਰਿਆਣਾ ਦੇ ਸੀਐਮ ਨੇ ਇਲਜ਼ਾਮ ਲਗਾਇਆ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸੈਣੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਰੋਕਣ ਲਈ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ ਅਤੇ ਲੋਕਾਂ ਲਈ ਇਹ ਸਵਾਲ ਬਣਿਆ ਹੋਇਆ ਹੈ ਕਿ ਉਹ ਆਪਣੀਆਂ ਸ਼ਿਕਾਇਤਾਂ ਲੈ ਕੇ ਕਿੱਥੇ ਜਾਣ।