ਜੰਡਿਆਲਾ ਗੁਰੂ ਦੇ ਨਵਾਂ ਪਿੰਡ ‘ਚ ਪੁਰਾਣੀ ਰੰਜਿਸ਼ ਕਾਰਨ ਫਾਇਰਿੰਗ, ਨੌਜਵਾਨ ਦੀ ਮੌਤ
ਜੰਡਿਆਲਾ ਗੁਰੂ ਦੇ ਨਵਾਂ ਪਿੰਡ ‘ਚ ਪੁਰਾਣੀ ਰੰਜਿਸ਼ ਕਾਰਨ ਫਾਇਰਿੰਗ, ਨੌਜਵਾਨ ਦੀ ਮੌਤ
-
ਸਿਰ ‘ਚ ਗੋਲੀ ਲੱਗਣ ਨਾਲ ਜਸਪਾਲ ਸਿੰਘ ਉਰਫ਼ ਕਾਲੂ ਦੀ ਮੌਤ, ਦੋਸਤ ਸੋਨੀ ਜ਼ਖਮੀ
-
ਪਰਿਵਾਰ ਦਾ ਦੋਸ਼- 2022 ਤੋਂ ਚੱਲ ਰਹੀ ਸੀ ਰੰਜਿਸ਼, ਕੁਝ ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਦੇ ਨਵਾਂ ਪਿੰਡ ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ਼ ਕਾਲੂ (ਪੁੱਤਰ ਕੁਲਦੀਪ ਸਿੰਘ) ਵਜੋਂ ਹੋਈ ਹੈ। ਜ਼ਖਮੀ ਨੌਜਵਾਨ ਦੀ ਪਛਾਣ ਸੋਨੀ ਵਜੋਂ ਹੋਈ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਹਾ ਹੈ। ਪੁਲਿਸ ਮੁਤਾਬਕ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਾਤ ਲਗਭਗ 8:20 ਵਜੇ ਉਸ ਦਾ ਛੋਟਾ ਭਰਾ ਜਸਪਾਲ ਸਿੰਘ ਉਰਫ਼ ਕਾਲੂ ਘਰ ਦਾ ਸਾਮਾਨ ਖਰੀਦਣ ਦੁਕਾਨ ‘ਤੇ ਗਿਆ ਸੀ। ਸਾਮਾਨ ਲੈ ਕੇ ਪਰਤਦੇ ਸਮੇਂ, ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਪਰਿਵਾਰ ਦੇ ਮੁਤਾਬਕ, ਹਮਲਾਵਰਾਂ ਨੇ ਉਸ ਦੇ ਸਿਰ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਜਸਪਾਲ ਦੇ ਨਾਲ ਉਸ ਦਾ ਗੁਆਂਢੀ ਦੋਸਤ ਸੋਨੀ ਵੀ ਮੌਜੂਦ ਸੀ। ਫਾਇਰਿੰਗ ਦੌਰਾਨ ਉਸ ਨੂੰ ਵੀ ਗੋਲੀ ਲੱਗ ਗਈ। ਜ਼ਖਮੀ ਸੋਨੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
2022 ਤੋਂ ਚੱਲ ਰਹੀ ਦੁਸ਼ਮਣੀ ਦਾ ਦੋਸ਼
ਮ੍ਰਿਤਕ ਦੇ ਭਰਾ ਅਤੇ ਭਾਬੀ ਸੁਨੀਤਾ ਕੌਰ ਨੇ ਦੋਸ਼ ਲਾਇਆ ਕਿ ਦੋਵਾਂ ਧਿਰਾਂ ਵਿਚਾਲੇ 2022 ਤੋਂ ਹੀ ਵਿਵਾਦ ਚੱਲ ਰਿਹਾ ਸੀ। ਪਰਿਵਾਰ ਦਾ ਦਾਅਵਾ ਹੈ ਕਿ ਘਟਨਾ ਤੋਂ ਚਾਰ-ਪੰਜ ਦਿਨ ਪਹਿਲਾਂ ਕੁਝ ਲੋਕ ਉਨ੍ਹਾਂ ਦੇ ਘਰ ਆਏ ਸਨ ਅਤੇ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪਰਿਵਾਰ ਮੁਤਾਬਕ, ਘਰ ਦੇ ਗੇਟ ‘ਤੇ ਵੀ ਹਮਲਾ ਕੀਤਾ ਗਿਆ ਸੀ ਅਤੇ ਇਸ ਸਬੰਧੀ ਪੁਲਿਸ ਚੌਕੀ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਗੋਲੀ ਚੱਲਣ ਦੀ ਘਟਨਾ ਪੁਲਿਸ ਚੌਕੀ ਦੇ ਬਿਲਕੁਲ ਕੋਲ ਹੋਈ, ਪਰ ਪੁਲਿਸ ਲਗਭਗ ਇੱਕ ਘੰਟੇ ਬਾਅਦ ਮੌਕੇ ‘ਤੇ ਪਹੁੰਚੀ। ਪਰਿਵਾਰ ਨੇ ਬਲਕਾਰ ਸਿੰਘ ਬੱਬੂ, ਉਸ ਦੇ ਪੁੱਤਰਾਂ ਕਰਨ, ਵਰੁਣ, ਰਾਹੁਲ (ਪੁੱਤਰ ਹਰਜਿੰਦਰ ਸਿੰਘ) ਅਤੇ ਪ੍ਰਕਾਸ਼ ਸਿੰਘ ਸਮੇਤ 7-8 ਲੋਕਾਂ ‘ਤੇ ਹਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਪਰਿਵਾਰ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਹਾਲਾਂਕਿ, ਇਹਨਾਂ ਦੋਸ਼ਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ।

8 ਰੋਊਂਡ ਫਾਇਰਿੰਗ, 5 ਨਾਮਜ਼ਦ
ਡੀ.ਐਸ.ਪੀ. ਜੰਡਿਆਲਾ ਬਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਰਾਤ ਲਗਭਗ 9 ਵਜੇ ਵਾਪਰੀ। ਸ਼ੁਰੂਆਤੀ ਜਾਂਚ ਮੁਤਾਬਕ, ਆਪਸੀ ਰੰਜਿਸ਼ ਅਤੇ ਘਰੇਲੂ ਝਗੜੇ ਦੇ ਚੱਲਦਿਆਂ ਕੁੱਲ 8 ਰੋਊਂਡ ਫਾਇਰਿੰਗ ਹੋਈ। ਇਸ ਵਿੱਚ ਜਸਪਾਲ ਸਿੰਘ ਉਰਫ਼ ਕਾਲੂ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਸੋਨੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਡੀ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ FIR ਨੰਬਰ 301 ਦਰਜ ਕਰ ਲਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਟੀਮ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭੂਮਿਕਾ ਦੇ ਨਾਲ-ਨਾਲ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਅੱਗੇ ਵਧ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਘਟਨਾ ਨਾਲ ਜੁੜੇ ਹੋਰ ਵੀ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।





