ਮੌਤ ਤੋਂ ਬਾਅਦ ਰਿਲੀਜ਼ ਹੋਏ ਇਹ ਗੀਤ
ਉਲੇਖਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਅਣਰਿਲੀਜ਼ ਗੀਤ ਲਗਾਤਾਰ ਦਰਸ਼ਕਾਂ ਤੱਕ ਪਹੁੰਚ ਰਹੇ ਹਨ। ਉਨ੍ਹਾਂ ਦਾ ਪਹਿਲਾ ਗੀਤ ‘SYL’ ਜੂਨ 2022 ਵਿੱਚ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ‘Vaar’, ‘Mera Na’, ‘Chorni’, ‘Watch Out’, ‘Drippy’, ‘410’ ਅਤੇ ‘Attach’ ਵਰਗੇ ਗੀਤ ਰਿਲੀਜ਼ ਹੋਏ। ‘Mera Na’ ਵਿੱਚ ਨਾਈਜੀਰੀਅਨ ਕਲਾਕਾਰ ਬਰਨਾ ਬੌਏ ਅਤੇ ਸਟੀਲ ਬੈਂਗਲਜ਼ ਨਾਲ ਸਿੱਧੂ ਦੀ ਕੋਲੈਬੋਰੇਸ਼ਨ ਸੁਣਨ ਨੂੰ ਮਿਲੀ, ਜਦਕਿ ‘Chorni’ ਵਿੱਚ ਰੈਪਰ Divine ਨਾਲ ਉਨ੍ਹਾਂ ਦੀ ਆਵਾਜ਼ ਸੁਣਾਈ ਦਿੱਤੀ।
ਸਿੱਧੂ ਦਾ ਹੋਲੋਗ੍ਰਾਮ ਸ਼ੋਅ
ਹੁਣ ‘Ghostface Killah’ ਦੀ ਰਿਲੀਜ਼ ਨਾਲ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦਾ ਨਾਮ ਸੰਗੀਤਕ ਦੁਨੀਆ ਵਿੱਚ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ 2026 ਵਿੱਚ ਇੱਕ ਹੋਰ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ‘Signed To God’ ਨਾਮ ਦਾ ਹੋਲੋਗ੍ਰਾਮ ਵਰਲਡ ਟੂਰ ਅਕਤੂਬਰ 2026 ਵਿੱਚ ਟੋਰਾਂਟੋ ਤੋਂ ਸ਼ੁਰੂ ਹੋਣ ਦੀ ਯੋਜਨਾ ਹੈ। ਪਹਿਲਾ ਸ਼ੋਅ 8 ਅਕਤੂਬਰ ਨੂੰ ਟੋਰਾਂਟੋ ਵਿੱਚ ਹੋਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ 3D ਹੋਲੋਗ੍ਰਾਫਿਕ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਦੀ ਸਟੇਜ ਮੌਜੂਦਗੀ ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਅਸਲੀ ਰਿਕਾਰਡ ਕੀਤੀਆਂ ਆਵਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ।ਇਸ ਟੂਰ ਦੇ ਪਹਿਲੇ ਪੜਾਅ ਵਿੱਚ ਕੈਨੇਡਾ, ਅਮਰੀਕਾ ਅਤੇ ਯੂਕੇ ਸਮੇਤ ਕਈ ਥਾਵਾਂ ’ਤੇ ਸ਼ੋਅ ਕਰਨ ਦੀ ਯੋਜਨਾ ਦੱਸੀ ਗਈ ਹੈ। ਭਾਰਤ ਸਮੇਤ ਹੋਰ ਦੇਸ਼ਾਂ ਲਈ ਵੀ ਟੂਰ ਦੀ ਜਾਣਕਾਰੀ ਆਉਣੀ ਬਾਕੀ ਹੈ। ਇਸ ਤਰ੍ਹਾਂ ਨਵੇਂ ਗੀਤਾਂ ਦੀ ਰਿਲੀਜ਼ ਤੋਂ ਲੈ ਕੇ ਹੋਲੋਗ੍ਰਾਮ ਸ਼ੋਅ ਤੱਕ, ਸਿੱਧੂ ਮੂਸੇਵਾਲਾ ਦਾ ਸੰਗੀਤਕ ਸਫ਼ਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਨਵੇਂ ਰੂਪ ਵਿੱਚ ਜਾਰੀ ਹੈ।
