ਗੋਲਡ ਮੈਡਲ ਜਿੱਤ ਕੇ ਚਮਕੀ ਹਰਮਨਪ੍ਰੀਤ ਕੌਰ ,1 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ…
ਗੋਲਡ ਮੈਡਲ ਜਿੱਤ ਕੇ ਚਮਕੀ ਹਰਮਨਪ੍ਰੀਤ ਕੌਰ ,1 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ…

ਮੰਧਾਨਾ, ਸ਼ੈਫਾਲੀ ਤੇ ਰਿਚਾ ਦੀ ਧਮਾਕੇਦਾਰ ਬੱਲੇਬਾਜ਼ੀ
ਭਾਰਤ ਦੀ ਇਸ ਇਤਿਹਾਸਕ ਤੇ ਇਕਤਰਫ਼ਾ ਜਿੱਤ ਵਿੱਚ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬੇਹੱਦ ਲਾਜਵਾਬ ਰਿਹਾ। ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਲੈਅ ਦਿਖਾਉਂਦਿਆਂ ਮਹਿਜ਼ 45 ਗੇਂਦਾਂ ਤੇ 79 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦੂਜੇ ਪਾਸੇ ਓਪਨਰ ਸ਼ੈਫਾਲੀ ਵਰਮਾ ਨੇ 48 ਦੌੜਾਂ ਦਾ ਅਹਿਮ ਯੋਗਦਾਨ ਪਾਇਆ, ਜਦਕਿ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ ਅੰਤਲੇ ਓਵਰਾਂ ਵਿੱਚ ਤੇਜ਼ ਤਰਾਰ ਖੇਡਦਿਆਂ ਨਾਬਾਦ 49 ਦੌੜਾਂ ਬਣਾਈਆਂ। ਇਸ ਮਗਰੋਂ ਭਾਰਤੀ ਗੇਂਦਬਾਜ਼ਾਂ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ 69 ਦੌੜਾਂ ਤੇ ਹੀ ਸਮੇਟ ਕੇ ਭਾਰਤ ਦੀ ਝੋਲੀ ਵਿੱਚ ਸੋਨ ਤਗਮਾ ਪਾ ਦਿੱਤਾ।
ਮੋਗਾ ਸਥਿਤ ਘਰ ‘ਚ ਵੰਡੇ ਲੱਡੂ
ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਦੇ ਜੱਦੀ ਸ਼ਹਿਰ ਮੋਗਾ ਸਥਿਤ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ ਗਿਆ। ਹਰਮਨਪ੍ਰੀਤ ਦੇ ਪਿਤਾ ਹਰਿਮੰਦਰ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਜਿੱਤ ਸਮੁੱਚੇ ਦੇਸ਼ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਤਿਅੰਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਭਾਰਤੀ ਟੀਮ ਨੇ ਜ਼ਬਰਦਸਤ ਤਾਲਮੇਲ ਅਤੇ ਇਕਜੁੱਟਤਾ ਦਿਖਾ ਕੇ ਦੁਨੀਆ ਭਰ ਵਿੱਚ ਤਿਰੰਗੇ ਦੀ ਸ਼ਾਨ ਵਧਾਈ ਹੈ। ਉਨ੍ਹਾਂ ਸਮਾਜ ਦੇ ਸਾਰੇ ਮਾਪਿਆਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੰਦਿਆਂ ਅਪੀਲ ਕੀਤੀ ਕਿ ਧੀਆਂ ਨੂੰ ਚਾਰਦੀਵਾਰੀ ਅੰਦਰ ਨਾ ਰੋਕਿਆ ਜਾਵੇ, ਸਗੋਂ ਉਨ੍ਹਾਂ ਦੀ ਕਾਬਲੀਅਤ ਤੇ ਭਰੋਸਾ ਕਰਕੇ ਉਨ੍ਹਾਂ ਨੂੰ ਆਪਣੇ ਖ਼ੁਆਬ ਸਾਕਾਰ ਕਰਨ ਅਤੇ ਹੁਨਰ ਦਿਖਾਉਣ ਦਾ ਪੂਰਾ ਮੌਕਾ ਦਿੱਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਪੜ੍ਹਾਈ ਦਾ ਖੇਤਰ, ਜੇਕਰ ਬੱਚਿਆਂ ਨੂੰ ਪਰਿਵਾਰ ਦਾ ਨਿਰੰਤਰ ਸਮਰਥਨ, ਯੋਗ ਮੌਕਾ ਅਤੇ ਆਪਣੀ ਸਖ਼ਤ ਮਿਹਨਤ ਦਾ ਸਾਥ ਮਿਲੇ ਤਾਂ ਉਹ ਜ਼ਿੰਦਗੀ ਦੇ ਹਰ ਮੁਕਾਮ ਤੇ ਸਫ਼ਲਤਾ ਦੇ ਝੰਡੇ ਗੱਡ ਸਕਦੇ ਹਨ। ਹਰਿਮੰਦਰ ਸਿੰਘ ਨੇ ਦੁਹਰਾਇਆ ਕਿ ਅੱਜ ਭਾਰਤ ਦੀਆਂ ਧੀਆਂ ਨੇ ਗੋਲਡ ਮੈਡਲ ਜਿੱਤ ਕੇ ਨਾ ਸਿਰਫ਼ ਪੰਜਾਬ ਸਗੋਂ ਪੂਰੇ ਭਾਰਤ ਅਤੇ ਆਪਣੇ ਮਾਪਿਆਂ ਦਾ ਨਾਮ ਦੁਨੀਆ ਦੇ ਨਕਸ਼ੇ ਤੇ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧੀ ਦੀ ਸਫ਼ਲਤਾ ਸਿਰਫ਼ ਉਸਦੀ ਇਕੱਲੀ ਮਿਹਨਤ ਨਾਲ ਨਹੀਂ ਆਉਂਦੀ, ਬਲਕਿ ਪਰਿਵਾਰ ਦਾ ਹੱਲਾਸ਼ੇਰੀ ਭਰਿਆ ਰਵੱਈਆ ਸਭ ਤੋਂ ਵੱਡਾ ਆਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸੋਨ ਤਗਮਾ ਦੇਸ਼ ਦੀਆਂ ਕਰੋੜਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੇਗਾ ਕਿ ਸਹੀ ਸਹਿਯੋਗ ਮਿਲਣ ਤੇ ਉਹ ਸੰਸਾਰ ਦੇ ਸਭ ਤੋਂ ਵੱਡੇ ਮੰਚ ਤੇ ਵੀ ਦੇਸ਼ ਦਾ ਸਿਰ ਉੱਚਾ ਕਰ ਸਕਦੀਆਂ ਹਨ।

CM ਮਾਨ ਵੱਲੋਂ ਹਰਮਨਪ੍ਰੀਤ ਕੌਰ ਲਈ 1 ਕਰੋੜ ਰੁਪਏ ਇਨਾਮ ਦਾ ਐਲਾਨ
ਭਾਰਤੀ ਮਹਿਲਾ ਟੀਮ ਦੀ ਇਸ ਸੁਨਹਿਰੀ ਜਿੱਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਏਸ਼ੀਅਨ ਗੇਮਜ਼ ਅੰਦਰ ਟੀਮ ਵੱਲੋਂ ਹਾਸਲ ਕੀਤਾ ਗਿਆ ਸੋਨ ਤਗਮਾ ਪੰਜਾਬ ਅਤੇ ਪੂਰੇ ਦੇਸ਼ ਲਈ ਬੇਹੱਦ ਮਾਣਮੱਤਾ ਪਲ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਅਧੀਨ ਮੋਗਾ ਦੀ ਹੋਣਹਾਰ ਧੀ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੂੰ 1 ਕਰੋੜ ਰੁਪਏ ਦੀ ਵਿਸ਼ੇਸ਼ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਸੂਬੇ ਦੇ ਨੌਜਵਾਨ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਦੇ ਰਹਿਣ।





