ਵਾਰਿਸ ਪੰਜਾਬ ਦੇ ’ਚ ਦੋ ਵੱਡੀਆਂ ਸ਼ਖ਼ਸੀਅਤਾਂ ਦੀ ਐਂਟਰੀ, ਸਾਬਕਾ ED ਅਧਿਕਾਰੀ ਤੇ ਰਿਟਾਇਰਡ DSP ਹੋਏ ਸ਼ਾਮਲ
ਵਾਰਿਸ ਪੰਜਾਬ ਦੇ ’ਚ ਦੋ ਵੱਡੀਆਂ ਸ਼ਖ਼ਸੀਅਤਾਂ ਦੀ ਐਂਟਰੀ, ਸਾਬਕਾ ED ਅਧਿਕਾਰੀ ਤੇ ਰਿਟਾਇਰਡ DSP ਹੋਏ ਸ਼ਾਮਲ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿੱਚ ਸ਼ਾਮਲ ਹੋ ਗਏ। ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਇਨ੍ਹਾਂ ਦੋਵਾਂ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮੌਜੂਦਾ ਅਤੇ ਕੇਂਦਰ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ।

ਨਿਰੰਜਣ ਸਿੰਘ ਵੱਲੋਂ ਸਿਸਟਮ ਦੀ ਖਰਾਬੀ ‘ਤੇ ਵੱਡੇ ਸਵਾਲ
ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਅਤੇ ਸਿਆਸੀ ਇੱਛਾ ਸ਼ਕਤੀ ਦੀ ਕਮੀ ਉੱਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਇਰੀਗੇਸ਼ਨ ਸਕੈਮ (ਸਿੰਚਾਈ ਘੁਟਾਲੇ) ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਸਿਸਟਮ ਉੱਤੇ ਸਵਾਲ ਚੁੱਕਦਿਆਂ ਨਿਰੰਜਣ ਸਿੰਘ ਨੇ ਕਿਹਾ, “ਕਈ ਸਾਲਾਂ ਤੋਂ ਹਾਲਾਤ ਖਰਾਬ ਹਨ ਅਤੇ ਅਸੀਂ ਸਵਾਲ ਪੁੱਛਣਾ ਹੀ ਭੁੱਲ ਗਏ ਹਾਂ, ਪੰਜਾਬ ਵਿੱਚ ਡਰੱਗ ਤੇ ਕਰੱਪਸ਼ਨ ਮਾਫੀਆ ਚੱਲ ਰਿਹਾ ਹੈ ਪਰ ਕੋਈ ਰਿਸਪੋਨਸੀਬਿਲਟੀ ਜਾਂ ਅਕਾਊਂਟੇਬਿਲਟੀ ਨਹੀਂ ਹੈ, ਇਸ ਸਰਕਾਰ ਨੇ ਕਿਹਾ ਕਿ ਕੋਈ ਸਬੂਤ ਨਹੀਂ ਹੈ, ਸਰਕਾਰਾਂ ਵੱਲੋਂ ਇਹੀ ਕੀਤਾ ਜਾ ਰਿਹਾ ਹੈ, ਇਹ ਸੈਕੂਲਰ ਲੋਕਾਂ ਦਾ ਕਰੱਪਸ਼ਨ ਅਤੇ ਡਰੱਗ ਦੇ ਖਿਲਾਫ ਇਕੱਠ ਹੈ, ਜੇਕਰ ਸਾਡੀ ਸਰਕਾਰ ਬਣੀ ਤਾਂ ਮਾਫੀਆ ਨੂੰ ਭੱਜਣਾ ਪਵੇਗਾ।” ਉਨ੍ਹਾਂ ਅੱਗੇ ਇਹ ਵੀ ਸਾਫ਼ ਕੀਤਾ ਕਿ ਚੋਣ ਲੜਨਾ ਪਾਰਟੀ ਦਾ ਫੈਸਲਾ ਹੋਵੇਗਾ ਅਤੇ ਉਹ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰ ਰਹੇ।
ਬਲਵਿੰਦਰ ਸੇਖੋਂ ਵੱਲੋਂ ਪੰਜਾਬੀਅਤ ਦੀ ਵਕਾਲਤ
ਸੇਵਾਮੁਕਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਸਿਆਸੀ ਪਾਰਟੀਆਂ ਦੀ ਨੀਅਤ ਉੱਤੇ ਸਵਾਲ ਚੁੱਕੇ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਭਾਈਚਾਰਕ ਸਾਂਝ ਅਤੇ ਪੰਜਾਬੀਅਤ ਨੂੰ ਸਭ ਤੋਂ ਉੱਪਰ ਦੱਸਿਆ। ਸਰਕਾਰਾਂ ਦੀ ਨਾਕਾਮੀ ਬਾਰੇ ਗੱਲ ਕਰਦਿਆਂ ਬਲਵਿੰਦਰ ਸੇਖੋਂ ਨੇ ਕਿਹਾ, “ਮੇਰੇ ਲਈ ਹਾਅ ਦਾ ਨਾਰਾ ਅੰਮ੍ਰਿਤਪਾਲ ਨੇ ਮਾਰਿਆ ਸੀ, ਅੱਜ ਸਾਰੀਆਂ ਪਾਰਟੀਆਂ ਦੇ ਲੀਡਰ ਬੇਈਮਾਨ ਹੋ ਗਏ ਹਨ, ਸਾਡੀ ਲੜਾਈ ਕਿਸੇ ਧਰਮ ਵਿਸ਼ੇਸ਼ ਨਾਲ ਨਹੀਂ ਹੈ, ਸਾਡੇ ਲਈ ਪੰਜਾਬੀਅਤ ਪਹਿਲਾਂ ਹੈ, ਬੀਜੇਪੀ ਯਾਤਰਾ ਕੱਢ ਰਹੀ ਹੈ ਜਦੋਂ ਕਿ ਸਾਰੀ ਪਾਵਰ ਉਨ੍ਹਾਂ ਦੇ ਆਪਣੇ ਕੋਲ ਹੈ, ਪੰਜਾਬ ਸਰਕਾਰ ਯੁੱਧ ਦੀ ਗੱਲ ਕਰਦੀ ਹੈ ਪਰ ਕੀਤਾ ਕਿਸੇ ਨੇ ਕੁਝ ਨਹੀਂ, ਵੱਡੇ ਲੋਕਾਂ ਦਾ 22000 ਕਰੋੜ ਦਾ ਲੋਨ ਸਿਰਫ਼ 6 ਕਰੋੜ ਵਿੱਚ ਮੁਆਫ਼ ਕਰ ਦਿੱਤਾ ਗਿਆ ਪਰ ਗਰੀਬ ਕਿਸਾਨ ਦਾ ਕਰਜ਼ਾ ਕਿਉਂ ਨਹੀਂ ਮੁਆਫ਼ ਕੀਤਾ ਗਿਆ?”
ਮਨਪ੍ਰੀਤ ਇਆਲੀ ਦਾ ਐਸਜੀਪੀਸੀ ‘ਤੇ ਵੱਡਾ ਹਮਲਾ
ਪਾਰਟੀ ਆਗੂ ਮਨਪ੍ਰੀਤ ਇਆਲੀ ਨੇ ਸਰਹੱਦ ਪਾਰੋਂ ਹੋ ਰਹੀ ਨਸ਼ਿਆਂ ਦੀ ਤਸਕਰੀ ਅਤੇ ਧਾਰਮਿਕ ਸੰਸਥਾਵਾਂ ਵਿੱਚ ਚੱਲ ਰਹੀ ਸਿਆਸਤ ਨੂੰ ਮੁੱਖ ਮੁੱਦਾ ਬਣਾਇਆ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਐਸਜੀਪੀਸੀ ਦੇ ਪ੍ਰਧਾਨ ਪਾਸੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਸਥਿਤੀ ਨੂੰ ਸਪੱਸ਼ਟ ਕਰਦਿਆਂ ਮਨਪ੍ਰੀਤ ਇਆਲੀ ਨੇ ਕਿਹਾ, “ਸਾਡਾ ਮੁੱਖ ਏਜੰਡਾ ਪੰਜਾਬ ਵਿੱਚੋਂ ਨਸ਼ੇ ਖਤਮ ਕਰਨਾ ਹੈ ਪਰ ਸਰਕਾਰਾਂ ਨੂੰ ਨਸ਼ੇ ਬੰਦ ਹੋਣਾ ਮੰਜ਼ੂਰ ਨਹੀਂ ਸੀ, ਹੁਣ ਡਰੋਨ ਰਾਹੀਂ ਨਸ਼ਾ ਆ ਰਿਹਾ ਹੈ ਅਤੇ ਈਡੀ ਕੋਲ ਸਾਰਾ ਕੰਟਰੋਲ ਹੈ, ਮਾਰਚ ਕੱਢਣਾ ਅਪੋਜ਼ਿਸ਼ਨ ਦਾ ਕੰਮ ਹੁੰਦਾ ਹੈ, ਐਸਜੀਪੀਸੀ ਵਾਲੇ ਕੇਸ ਨੇ ਸਿੱਖੀ ਨੂੰ ਸ਼ਰਮਸਾਰ ਕੀਤਾ ਹੈ, ਇਸ ਲਈ ਅਕਾਲੀ ਦਲ ਅਤੇ ਸ਼੍ਰੋਮਣੀ ਕਮੀ ਦੇ ਪ੍ਰਧਾਨ ਜ਼ਿੰਮੇਵਾਰ ਅਤੇ ਜਥੇਦਾਰ ਸਾਹਿਬ ਜਵਾਬਦੇਹ ਹਨ, ਕੇਂਦਰ ਸਰਕਾਰ ਜਾਣਬੁੱਝ ਕੇ ਐਸਜੀਪੀਸੀ ਦੀਆਂ ਚੋਣਾਂ ਨਹੀਂ ਕਰਵਾ ਰਹੀ, ਸਾਡਾ ਮੁੱਖ ਏਜੰਡਾ ਇਹ ਚੋਣਾਂ ਕਰਵਾਉਣਾ ਹੈ ਤਾਂ ਜੋ ਨਿਰਪੱਖ ਜਾਂਚ ਹੋ ਸਕੇ ਕਿ ਕਿਸ ਨੂੰ ਬਦਨਾਮ ਕਰਨਾ ਸੀ, ਇਸ ਲਈ ਅਕਾਲੀ ਦਲ ਪ੍ਰਧਾਨ ਤੇ ਐੱਸਜੀਪੀਸੀ ਪ੍ਰਧਾਨ ਤੁਰੰਤ ਅਸਤੀਫ਼ਾ ਦੇਣ।”
ਤਰਸੇਮ ਸਿੰਘ ਵੱਲੋਂ ਖਾਲਸਾ ਰਾਜ ਦੀ ਅਪੀਲ
ਪਾਰਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਨਵੀਆਂ ਸਖ਼ਸ਼ੀਅਤਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਦੇ ਭਵਿੱਖ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਤਰਸੇਮ ਸਿੰਘ ਨੇ ਕਿਹਾ, “ਇਨ੍ਹਾਂ ਸ਼ਖਸੀਅਤਾਂ ਨੂੰ ਸਿਸਟਮ ਠੀਕ ਕਰਨ ਦੀ ਪੂਰੀ ਜਾਣਕਾਰੀ ਹੈ, ਆਓ ਸਾਰੇ ਮਿਲ ਕੇ ਸਰਕਾਰ-ਏ-ਖਾਲਸਾ ਵਰਗਾ ਰਾਜ ਬਣਾਈਏ।”





