ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ, ਪੁਲਿਸ ਨੇ ਜਾਰੀ ਕੀਤੇ ਸਖ਼ਤ ਹੁਕਮ
ਜਲੰਧਰ ਵਿੱਚ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ, ਪੁਲਿਸ ਨੇ ਜਾਰੀ ਕੀਤੇ ਸਖ਼ਤ ਹੁਕਮ
ਜਲੰਧਰ, 23 ਸਤੰਬਰ (ਹੈਪੀ): ਅਪਰਾਧਾਂ ਦੀ ਰੋਕਥਾਮ, ਜਨਤਕ ਸੁਰੱਖਿਆ, ਵਾਹਨਾਂ ਦੀ ਸਹੀ ਪਛਾਣ ਅਤੇ ਟ੍ਰੈਫਿਕ ਇਨਫੋਰਸਮੈਂਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਇੱਕ ਅਹਿਮ ਹੁਕਮ ਜਾਰੀ ਕੀਤਾ ਗਿਆ ਹੈ। ਹੁਣ ਜਲੰਧਰ ਕਮਿਸ਼ਨਰੇਟ ਦੀ ਹੱਦ ਅੰਦਰ ਬਿਨਾਂ ਨੰਬਰ ਪਲੇਟ ਜਾਂ ਗਲਤ ਅਤੇ ਟੈਂਪਰਡ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ’ਤੇ ਇੰਧਨ ਨਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕਮਿਸ਼ਨਰ ਆਫ ਪੁਲਿਸ ਜਲੰਧਰ ਸਤਿੰਦਰ ਸਿੰਘ, ਆਈ.ਪੀ.ਐਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਕਮਿਸ਼ਨਰੇਟ ਜਲੰਧਰ ਦੀ ਹੱਦ ਵਿੱਚ ਆਉਂਦੇ ਪੈਟਰੋਲ ਪੰਪਾਂ, ਡੀਜ਼ਲ ਡਿਸਪੈਂਸਿੰਗ ਸਟੇਸ਼ਨਾਂ ਅਤੇ CNG ਸਟੇਸ਼ਨਾਂ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਇੰਧਨ
ਪੁਲਿਸ ਦੇ ਹੁਕਮਾਂ ਮੁਤਾਬਕ ਜਿਨ੍ਹਾਂ ਵਾਹਨਾਂ ’ਤੇ High Security Registration Plate (HSRP) ਲਗਾਉਣਾ ਲਾਜ਼ਮੀ ਹੈ, ਪਰ ਉਹ ਸਹੀ HSRP ਤੋਂ ਬਿਨਾਂ ਸੜਕਾਂ ’ਤੇ ਚੱਲ ਰਹੇ ਹਨ, ਉਨ੍ਹਾਂ ਨੂੰ ਪੈਟਰੋਲ, ਡੀਜ਼ਲ ਜਾਂ CNG ਨਹੀਂ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਜਿਨ੍ਹਾਂ ਵਾਹਨਾਂ ’ਤੇ ਕੋਈ ਵੀ ਰਜਿਸਟ੍ਰੇਸ਼ਨ ਨੰਬਰ ਪਲੇਟ ਨਹੀਂ ਹੋਵੇਗੀ, ਉਨ੍ਹਾਂ ਨੂੰ ਵੀ ਪੈਟਰੋਲ ਪੰਪਾਂ ’ਤੇ ਇੰਧਨ ਦੇਣ ਤੋਂ ਇਨਕਾਰ ਕੀਤਾ ਜਾਵੇਗਾ।ਪੁਲਿਸ ਨੇ ਨੰਬਰ ਪਲੇਟ ਨਾਲ ਛੇੜਛਾੜ ਕਰਨ ਵਾਲੇ ਵਾਹਨਾਂ ਨੂੰ ਲੈ ਕੇ ਵੀ ਸਖ਼ਤੀ ਕੀਤੀ ਹੈ। ਜੇਕਰ ਕਿਸੇ ਵਾਹਨ ਦੀ ਨੰਬਰ ਪਲੇਟ ਟੁੱਟੀ, ਖਰਾਬ, ਮੁੜੀ ਹੋਈ, ਮਿਟੀ ਹੋਈ, ਟੈਂਪਰਡ, ਬਦਲੀ ਹੋਈ ਜਾਂ ਜਾਣਬੁੱਝ ਕੇ ਛੇੜਛਾੜ ਕੀਤੀ ਹੋਈ ਪਾਈ ਜਾਂਦੀ ਹੈ ਤਾਂ ਅਜਿਹੇ ਵਾਹਨ ਨੂੰ ਵੀ ਇੰਧਨ ਨਹੀਂ ਦਿੱਤਾ ਜਾਵੇਗਾ।
ਪੈਟਰੋਲ ਪੰਪਾਂ ’ਤੇ ਲਗਾਉਣਾ ਹੋਵੇਗਾ ਸਪੱਸ਼ਟ ਨੋਟਿਸ
ਨਵੇਂ ਹੁਕਮਾਂ ਤਹਿਤ ਹਰ ਪੈਟਰੋਲ ਪੰਪ ਅਤੇ CNG ਸਟੇਸ਼ਨ ’ਤੇ ਗਾਹਕਾਂ ਦੀ ਜਾਣਕਾਰੀ ਲਈ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਪੱਸ਼ਟ ਨੋਟਿਸ ਲਗਾਉਣਾ ਲਾਜ਼ਮੀ ਹੋਵੇਗਾ। ਇਸ ਨੋਟਿਸ ਵਿੱਚ ਵਾਹਨਾਂ ਦੀ ਨੰਬਰ ਪਲੇਟ ਅਤੇ HSRP ਨਾਲ ਸਬੰਧਤ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
CCTV ਕੈਮਰੇ ਵੀ ਰਹਿਣਗੇ ਚਾਲੂ
ਪੁਲਿਸ ਵੱਲੋਂ ਪੈਟਰੋਲ ਪੰਪਾਂ ’ਤੇ CCTV ਪ੍ਰਬੰਧ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਪਾਂ ’ਤੇ ਲੱਗੇ CCTV ਕੈਮਰੇ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਰਾਹੀਂ ਐਂਟਰੀ-ਐਗਜ਼ਿਟ, ਫਿਊਲਿੰਗ ਏਰੀਆ ਅਤੇ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਰਿਕਾਰਡਿੰਗ ਹੋਣੀ ਯਕੀਨੀ ਬਣਾਈ ਜਾਵੇ।CCTV ਫੁਟੇਜ ਨੂੰ ਘੱਟੋ-ਘੱਟ ਦੋ ਮਹੀਨਿਆਂ ਤੱਕ ਸੁਰੱਖਿਅਤ ਰੱਖਣਾ ਲਾਜ਼ਮੀ ਹੋਵੇਗਾ, ਤਾਂ ਜੋ ਕਿਸੇ ਅਪਰਾਧ ਜਾਂ ਸ਼ੱਕੀ ਗਤੀਵਿਧੀ ਦੀ ਜਾਂਚ ਦੌਰਾਨ ਪੁਲਿਸ ਨੂੰ ਲੋੜੀਂਦਾ ਰਿਕਾਰਡ ਮਿਲ ਸਕੇ।
ਸ਼ੱਕੀ ਵਾਹਨ ਆਉਣ ’ਤੇ ਪੁਲਿਸ ਨੂੰ ਦੇਣੀ ਹੋਵੇਗੀ ਜਾਣਕਾਰੀ
ਜੇਕਰ ਕੋਈ ਵਾਹਨ ਬਿਨਾਂ ਨੰਬਰ ਪਲੇਟ, ਲੋੜੀਂਦੀ HSRP ਤੋਂ ਬਿਨਾਂ ਜਾਂ ਖਰਾਬ/ਟੈਂਪਰਡ ਨੰਬਰ ਪਲੇਟ ਨਾਲ ਪੈਟਰੋਲ ਪੰਪ ’ਤੇ ਪਹੁੰਚਦਾ ਹੈ ਤਾਂ ਪੰਪ ਦੇ ਮਾਲਕ ਜਾਂ ਮੈਨੇਜਰ ਵੱਲੋਂ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਜਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨਾ ਹੋਵੇਗਾ।ਜਿੱਥੇ ਸੰਭਵ ਹੋਵੇ, ਅਜਿਹੇ ਵਾਹਨ ਦਾ ਮੇਕ, ਮਾਡਲ, ਰੰਗ, ਆਉਣ-ਜਾਣ ਦੀ ਦਿਸ਼ਾ ਅਤੇ ਹੋਰ ਪਛਾਣ ਸਬੰਧੀ ਵੇਰਵਾ ਵੀ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਬੰਧਤ CCTV ਫੁਟੇਜ ਨੂੰ ਵੀ ਸੁਰੱਖਿਅਤ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਇਨ੍ਹਾਂ ਵਾਹਨਾਂ ਨੂੰ ਮਿਲੇਗੀ ਛੋਟ
ਹਾਲਾਂਕਿ ਪੁਲਿਸ ਦੇ ਇਸ ਹੁਕਮ ਵਿੱਚ ਕੁਝ ਵਾਹਨਾਂ ਨੂੰ ਛੋਟ ਵੀ ਦਿੱਤੀ ਗਈ ਹੈ। ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨ ਇਸ ਪਾਬੰਦੀ ਤੋਂ ਛੋਟ ਪ੍ਰਾਪਤ ਕਰਨਗੇ।ਇਸ ਤੋਂ ਇਲਾਵਾ ਵੈਧ ਰਜਿਸਟ੍ਰੇਸ਼ਨ ਨੰਬਰ ਵਾਲੇ ਨਵੇਂ ਖਰੀਦੇ ਵਾਹਨ ਅਤੇ ਵੈਧ Temporary Registration ਵਾਲੇ ਵਾਹਨ ਵੀ ਲੋੜੀਂਦੇ ਦਸਤਾਵੇਜ਼ੀ ਜਾਂ ਇਲੈਕਟ੍ਰਾਨਿਕ ਸਬੂਤ ਪੇਸ਼ ਕਰਨ ਦੀ ਸੂਰਤ ਵਿੱਚ ਇਸ ਪਾਬੰਦੀ ਤੋਂ ਬਾਹਰ ਰਹਿਣਗੇ।
ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ
ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਰਜਿਸਟ੍ਰੇਸ਼ਨ ਪਲੇਟ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਜਾਂ ਵਿਅਕਤੀਆਂ ਖ਼ਿਲਾਫ਼ Motor Vehicles Act, 1988 ਅਤੇ ਲਾਗੂ ਕਾਨੂੰਨੀ ਨਿਯਮਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਾਰੀ ਕੀਤੇ ਹੁਕਮਾਂ ਦੀ ਅਣਪਾਲਣਾ ਕਰਨ ’ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਹੈ।ਇਹ ਹੁਕਮ 21 ਸਤੰਬਰ 2026 ਤੋਂ ਲਾਗੂ ਹੋ ਕੇ 20 ਨਵੰਬਰ 2026 ਤੱਕ ਪ੍ਰਭਾਵੀ ਰਹੇਗਾ। ਹਾਲਾਂਕਿ ਇਸ ਮਿਆਦ ਤੋਂ ਪਹਿਲਾਂ ਹੁਕਮ ਨੂੰ ਸੋਧਿਆ, ਰੱਦ ਜਾਂ ਅੱਗੇ ਵਧਾਇਆ ਜਾ ਸਕਦਾ ਹੈ।ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ’ਤੇ ਵੈਧ ਅਤੇ ਸਹੀ ਨੰਬਰ ਪਲੇਟ/HSRP ਲਗਵਾਉਣ ਅਤੇ ਟ੍ਰੈਫਿਕ ਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਦਾ ਸਹਿਯੋਗ ਕਰਨ।ਇਸ ਨਵੇਂ ਹੁਕਮ ਤੋਂ ਬਾਅਦ ਜਲੰਧਰ ਵਿੱਚ ਵਾਹਨ ਚਲਾਉਣ ਵਾਲਿਆਂ ਲਈ ਨੰਬਰ ਪਲੇਟ ਸਹੀ ਹਾਲਤ ਵਿੱਚ ਰੱਖਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ।





