ਬਲਜਿੰਦਰ ਸਿੰਘ ਲਈ ਉੱਠੀ ਆਵਾਜ਼: ਦਿਲਜੀਤ ਦੁਸਾਂਝ ਅਤੇ ਗ੍ਰੇਟ ਖਲੀ ਨੇ ਸਰਕਾਰ ਤੋਂ ਮੰਗੀ ਮਦਦ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪਠਾਨਕੋਟ ਦੇ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਪੰਜਾਬ ਵਿੱਚ ਹੁਣ ਆਵਾਜ਼ ਤੇਜ਼ ਹੁੰਦੀ ਨਜ਼ਰੀ ਪੈ ਰਹੀ ਹੈ। ਪਰਿਵਾਰ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਪਹਿਲਵਾਨ ‘ਦ ਗ੍ਰੇਟ ਖਲੀ’ ਨੇ ਵੀ ਇਸ ਮਾਮਲੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਹੱਕ ਵਿੱਚ ਬੋਲੇ ਦਿਲਜੀਤ-ਖਲੀ
ਇਸ ਮਾਮਲੇ ਵਿੱਚ ਦ ਗ੍ਰੇਟ ਖਲੀ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਬਲਜਿੰਦਰ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਸਦੇ ਹੱਕ ਵਿੱਚ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਪਰਿਵਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਲਜਿੰਦਰ ਨੂੰ ਕਥਿਤ ਤੌਰ ‘ਤੇ ਫਸਾਇਆ ਗਿਆ ਹੈ।
ਦੂਜੇ ਪਾਸੇ ਦਿਲਜੀਤ ਦੁਸਾਂਝ ਨੇ ਵੀ ਬਲਜਿੰਦਰ ਦੇ ਮਾਮਲੇ ਵਿੱਚ ਸਰਕਾਰ ਤੋਂ ਨਿਰਪੱਖ ਜਾਂਚ ਅਤੇ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬਲਜਿੰਦਰ ਬੇਕਸੂਰ ਹੈ ਤਾਂ ਉਸਦੀ ਮਦਦ ਲਈ ਸਰਕਾਰ ਨੂੰ ਹਰ ਸੰਭਵ ਕਦਮ ਚੁੱਕਣਾ ਚਾਹੀਦਾ ਹੈ। ਗਾਇਕ ਉਸ ਸਮੇਂ ਇੰਸਟਾਗ੍ਰਾਮ ਉਤੇ ਲਾਈਵ ਸਨ, ਜਦੋਂ ਉਨਾਂ ਦੇ ਫੈਨਜ਼ ਨੇ ਗਾਇਕ ਨੂੰ ਇਸ ਪੂਰੇ ਮਾਮਲੇ ਉਤੇ ਬੋਲਣ ਲਈ ਕਿਹਾ, ਗਾਇਕ ਨੇ ਕਿਹਾ ਕਿ ਉਹ ਇਸ ਮੁੱਦੇ ਬਾਰੇ ਜਿਆਦਾ ਸਹੀ ਤੱਥ ਨਹੀਂ ਜਾਣਦਾ ਹੈ, ਪਰ ਫਿਰ ਵੀ ਉਹ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਬੇਕਸੂਰ ਨੂੰ ਕੋਈ ਸਜ਼ਾ ਨਾ ਮਿਲੇ।
ਕੀ ਹੈ ਪੂਰਾ ਮਾਮਲਾ
ਉਲੇਖਯੋਗ ਹੈ ਕਿ ਬਲਜਿੰਦਰ ਸਿੰਘ ਪਠਾਨਕੋਟ ਦੇ ਸੁਜਾਨਪੁਰ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਮੁਤਾਬਕ ਉਹ ਕਰੀਬ 10 ਸਾਲਾਂ ਤੋਂ ਦੁਬਈ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਉਹ ਨਿਯਮਿਤ ਤੌਰ ‘ਤੇ ਦੁਬਈ ਤੋਂ ਸਾਊਦੀ ਅਰਬ ਸਮਾਨ ਲੈ ਕੇ ਜਾਂਦਾ ਸੀ। ਪਰਿਵਾਰ ਦਾ ਦਾਅਵਾ ਹੈ ਕਿ ਇੱਕ ਜਾਣਕਾਰ ਨੇ ਉਸਨੂੰ ਇੱਕ ਬਜ਼ੁਰਗ ਬਿਮਾਰ ਵਿਅਕਤੀ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਪਹੁੰਚਾਉਣ ਲਈ ਦਿੱਤਾ ਸੀ।ਪਰਿਵਾਰ ਮੁਤਾਬਕ ਬਲਜਿੰਦਰ ਨੇ ਪਹਿਲਾਂ ਇਹ ਪੈਕੇਟ ਲਿਜਾਣ ਤੋਂ ਇਨਕਾਰ ਕੀਤਾ ਸੀ। ਬਾਅਦ ਵਿੱਚ ਉਸਨੂੰ ਬਜ਼ੁਰਗ ਵਿਅਕਤੀ ਦੀ ਬਿਮਾਰੀ ਬਾਰੇ ਦੱਸ ਕੇ ਮਦਦ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਸਨੇ ਪੈਕੇਟ ਆਪਣੇ ਟਰੱਕ ਵਿੱਚ ਰੱਖ ਲਿਆ। ਦੁਬਈ-ਸਾਊਦੀ ਸਰਹੱਦ ‘ਤੇ ਜਾਂਚ ਦੌਰਾਨ ਪੈਕੇਟ ਵਿੱਚੋਂ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਮਿਲੇ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਸਾਊਦੀ ਅਦਾਲਤ ਨੇ ਬਾਅਦ ਵਿੱਚ ਬਲਜਿੰਦਰ ਨੂੰ ਡਰੱਗ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ। ਰਿਪੋਰਟਾਂ ਮੁਤਾਬਕ ਉਹ ਫਰਵਰੀ 2024 ਤੋਂ ਸਾਊਦੀ ਅਰਬ ਵਿੱਚ ਹਿਰਾਸਤ ਵਿੱਚ ਹੈ। ਪਰਿਵਾਰ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਬਲਜਿੰਦਰ ਨੂੰ ਪੈਕੇਟ ਵਿੱਚ ਮੌਜੂਦ ਨਸ਼ੀਲੇ ਪਦਾਰਥਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਸਦਾ ਨਸ਼ਿਆਂ ਨਾਲ ਕੋਈ ਸੰਬੰਧ ਨਹੀਂ ਹੈ।