ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸਾਥੀ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨਿੱਤਰੀਆਂ ਮੈਦਾਨ ਵਿੱਚ , ਦਿੱਤਾ ਵੱਡਾ ਅਲਟੀਮੇਟਮ
ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸਾਥੀ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨਿੱਤਰੀਆਂ ਮੈਦਾਨ ਵਿੱਚ , ਦਿੱਤਾ ਵੱਡਾ ਅਲਟੀਮੇਟਮ
ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਆਗੂਆਂ ‘ਤੇ ਹੋ ਰਹੀ ਕਾਰਵਾਈ ਅਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਲੱਖਾ ਸਿਧਾਣਾ ਦੇ ਸਾਥੀਆਂ, ਪਰਿਵਾਰਕ ਮੈਂਬਰਾਂ ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਆਗੂਆਂ ਨੇ ਸਾਂਝੇ ਤੌਰ ‘ਤੇ ਮੌਜੂਦਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਸਰਕਾਰੀ ਜ਼ਬਰ ਢਾਹੁਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਾਨਸਾ ਮੋਰਚੇ ਨੂੰ ਕਮਜ਼ੋਰ ਕਰਨ ਲਈ ਨੌਜਵਾਨ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਉਹ ਜਲਦ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ।
ਖਰੜ ਡਰੱਗ ਇੰਸਪੈਕਟਰ ਅਤੇ ਪਰਵਿੰਦਰ ਝੋਟਾ ਕਤਲ ਦੇ ਤਾਰ ਜੁੜੇ ਹੋਣ ਦਾ ਦਾਅਵਾ
ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਨੁਮਾਇੰਦੇ ਜਸਟਿਸ ਰਣਜੀਤ ਸਿੰਘ ਨੇ ਇੱਕ ਬਹੁਤ ਵੱਡਾ ਖੁਲਾਸਾ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਇੱਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਇਸ ਮਾਮਲੇ ਨੂੰ ਕੁਝ ਸਾਲ ਪਹਿਲਾਂ ਖਰੜ ਵਿਖੇ ਹੋਏ ਇੱਕ ਡਰੱਗ ਇੰਸਪੈਕਟਰ ਦੇ ਹਾਈ-ਪ੍ਰੋਫਾਈਲ ਕਤਲ ਕੇਸ ਨਾਲ ਜੁੜਿਆ ਹੋਇਆ ਦੱਸਿਆ। ਜਸਟਿਸ ਰਣਜੀਤ ਸਿੰਘ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਆਖਿਆ ਕਿ, “ਮੇਰਾ ਇਹ ਮੰਨਣਾ ਹੈ ਕਿ ਉਸ ਡਰੱਗ ਇੰਸਪੈਕਟਰ ਦੇ ਕਤਲ ਦੇ ਤਾਰ ਇਸ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਜੁੜੇ ਹੋਏ ਨੇ, ਕਿਉਂਕਿ ਖਰੜ ਦੀ ਜਿਹੜੀ ਡਰੱਗ ਫੈਕਟਰੀ ਹੈ, ਉਹਦਾ ਮੇਲ ਪਰਵਿੰਦਰ ਝੋਟੇ ਦੇ ਕਾਤਲ ਨਾਲ ਜੁੜਦਾ ਪ੍ਰਤੀਤ ਹੁੰਦਾ ਹੈ।” ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਪਰਦਾਫਾਸ਼ ਲਈ ਸੀਬੀਆਈ ਜਾਂਚ ਦਾ ਨਿਚੋੜ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।”
ਸੰਵਿਧਾਨ ਅਤੇ ਲੋਕਤੰਤਰ ਦੇ ਘਾਣ ਦਾ ਦਾਅਵਾ
ਜਸਟਿਸ ਰਣਜੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬੇਹੱਦ ਚਿੰਤਾਜਨਕ ਦੱਸਿਆ। ਉਨ੍ਹਾਂ ਪੁਲਿਸ ਕਾਰਵਾਈ ਨੂੰ ਸੰਵਿਧਾਨ ਦੇ ਉਲਟ ਦੱਸਦਿਆਂ ਕਿਹਾ ਕਿ, “ਪੰਜਾਬ ਵਿੱਚ ਇਸ ਵੇਲੇ ਪੁਲਿਸ ਰਾਜ ਚੱਲ ਰਿਹਾ ਹੈ, ਜਿੱਥੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਝੂਠੇ ਪਰਚੇ ਪਾ ਕੇ ਅੰਦਰ ਕੀਤਾ ਜਾ ਰਿਹਾ ਹੈ।” ਉਨ੍ਹਾਂ ਇਲਜ਼ਾਮ ਲਗਾਇਆ ਕਿ ਦਲਜੀਤ ਸਿੰਘ ਦੀ ਲਾਸ਼ ਨੂੰ ਪੁਲਿਸ ਨੇ ਖ਼ੁਦ ਪਰਿਵਾਰ ਤੋਂ ਖੋਹਿਆ ਸੀ, ਪਰ ਉਲਟਾ ਝੂਠਾ ਮੁਕੱਦਮਾ ਲੱਖਾ ਸਿਧਾਣਾ ‘ਤੇ ਦਰਜ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਲੱਖਾ ਸਿਧਾਣਾ ਦੇ 17 ਸਾਲਾ ਨਾਬਾਲਗ ਭਤੀਜੇ ਨੂੰ ਜੁਵੇਨਾਈਲ ਜਸਟਿਸ ਐਕਟ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਸ ਦਾ ਕੋਈ ਅਤਾ-ਪਤਾ ਨਹੀਂ ਦੱਸਿਆ ਜਾ ਰਿਹਾ।
ਪਰਿਵਾਰ ਦੀ ਸੁਰੱਖਿਆ ਵਾਪਸ ਲੈਣ ‘ਤੇ ਪ੍ਰਗਟਾਈ ਚਿੰਤਾ
ਪ੍ਰੈਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੀ ਲੱਖਾ ਸਿਧਾਣਾ ਦੀ ਮਾਤਾ ਨੇ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਾਪਸ ਲਏ ਜਾਣ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਘਰ ਦੇ ਹਾਲਾਤ ਬਾਰੇ ਦੱਸਦਿਆਂ ਆਖਿਆ ਕਿ, “ਸਰਕਾਰ ਨੇ ਸਾਡੇ ਕੋਲੋਂ ਸੁਰੱਖਿਆ ਵਾਪਸ ਲੈ ਲਈ ਹੈ, ਘਰ ਵਿੱਚ ਛੋਟੇ ਬੱਚੇ ਅਤੇ ਬਜ਼ੁਰਗ ਹਨ, ਜਿਸ ਕਾਰਨ ਅਸੀਂ ਇਕੱਲ੍ਹਿਆਂ ਬਾਹਰ ਜਾਣ ਤੋਂ ਵੀ ਡਰਦੇ ਹਾਂ।” ਉਨ੍ਹਾਂ ਕਿਹਾ ਕਿ ਲੱਖਾ ਕੋਈ ਆਪਣੀ ਨਿੱਜੀ ਲੜਾਈ ਨਹੀਂ ਲੜ ਰਿਹਾ, ਬਲਕਿ ਪੂਰੇ ਪੰਜਾਬ ਦੇ ਹੱਕਾਂ ਲਈ ਖੜ੍ਹਦਾ ਹੈ, ਇਸ ਲਈ ਸਮੁੱਚੇ ਪੰਜਾਬ ਨੂੰ ਉਸ ਦੇ ਨਾਲ ਖੜ੍ਹਨਾ ਚਾਹੀਦਾ ਹੈ।
ਮਾਨਸਾ ਮੋਰਚੇ ਨੂੰ ਕਮਜ਼ੋਰ ਕਰਨ ਲਈ ਅਗਵਾ ਕਰਨ ਦੇ ਇਲਜ਼ਾਮ
ਰਾਜਪਾਲ ਤੱਕ ਪਹੁੰਚ ਕਰਨ ਦਾ ਐਲਾਨ
ਅਮਨਦੀਪ ਸਿੰਘ ਬੈਂਸ ਅਤੇ ਕਾਨਫਰੰਸ ਦੇ ਮੁੱਖ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਲੱਖਾ ਸਿਧਾਣਾ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕੀਤੇ ਗਏ ਝੂਠੇ ਮੁਕੱਦਮੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਪੂਰੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਣਾਏ ਜਾ ਰਹੇ ਝੂਠੇ ਮੁਕੱਦਮਿਆਂ ਅਤੇ ਤਸ਼ੱਦਦ ਦੇ ਦੌਰ ਨੂੰ ਰੋਕਣ ਲਈ ਉਹ ਬਹੁਤ ਜਲਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਣਗੇ, ਜਿਸ ਵਿੱਚ ਇਸ ਪੂਰੇ ਘਟਨਾਕ੍ਰਮ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।





