‘ਟ੍ਰਿਬਿਊਨ’ ਸਮੂਹ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਸੁਧਾਰ ਪਾਰਟੀ ਦੇ ਅੰਦਰ ਰਹਿ ਕੇ ਹੀ ਕੀਤਾ ਜਾ ਸਕਦਾ ਹੈ, ਬਾਹਰ ਰਹਿ ਕੇ ਨਹੀਂ। ਇਸੇ ਤਰ੍ਹਾਂ ਪੰਜਾਬ ਵਿੱਚ ਸੁਧਾਰ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਰੱਖਣਾ ਜ਼ਰੂਰੀ ਹੈ।
ਕੇਂਦਰ ਨਾਲ ਸਾਂਝ ਰੱਖਣੀ ਪਵੇਗੀ
ਕੇਂਦਰ ਦੀ ਭੂਮਿਕਾ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥਕ ਹੋਣ ਜਾਂ ਪੰਜਾਬ ਨਾਲ ਸਬੰਧਤ ਮੁੱਦੇ, ਜਦੋਂ ਤੱਕ ਇਨ੍ਹਾਂ ਨੂੰ ਕੇਂਦਰ ਸਰਕਾਰ ਕੋਲ ਪ੍ਰਮੁੱਖਤਾ ਨਾਲ ਨਹੀਂ ਉਠਾਇਆ ਜਾਂਦਾ, ਉਦੋਂ ਤੱਕ ਕੋਈ ਹੱਲ ਨਹੀਂ ਨਿਕਲੇਗਾ। ਉਨ੍ਹਾਂ ਕਿਹਾ, “ਕੇਂਦਰ ਨਾਲ ਸਾਂਝ ਰੱਖਣੀ ਪਵੇਗੀ।” ਉਨ੍ਹਾਂ ਮੁਤਾਬਕ ਭਾਜਪਾ ਨਾਲ ਤਾਲਮੇਲ ਰੱਖਣ ਨਾਲ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਸਕਦਾ ਹੈ। ਕੇਂਦਰ ਦੇ ਸਹਿਯੋਗ ਨਾਲ ਹੀ ਵਿਕਾਸ ਅਤੇ ਪੰਜਾਬ ਦਾ ਬਣਦਾ ਹਿੱਸਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਦਾ ਭਰੋਸਾ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਨਾਲ ਹਾਲਾਤ ਵਿੱਚ ਸੁਧਾਰ ਹੋਵੇਗਾ।

ਭੁਲੱਥ ਤੋਂ ਮੁੜ ਚੋਣ ਲੜਨ ਦੇ ਸੰਕੇਤ
ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦੀ ਲੰਮੇ ਸਮੇਂ ਤੋਂ ਆਲੋਚਨਾ ਕਰਨ ਅਤੇ ਹੁਣ ਪਾਰਟੀ ਵਿੱਚ ਬਦਲਾਅ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੋ ਕੁਝ ਵੀ ਕਰਨਾ ਹੈ, ਉਹ ਅਕਾਲੀ ਦਲ ਦੇ ਅੰਦਰ ਰਹਿ ਕੇ ਹੀ ਹੋ ਸਕਦਾ ਹੈ। ਪਾਰਟੀ ਵਿੱਚ ਰਹਿ ਕੇ ਸੁਝਾਅ ਦੇਣ ਨਾਲ ਹੀ ਸੁਧਾਰ ਆਵੇਗਾ।
ਭੁਲੱਥ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਭੁਲੱਥ ਹਮੇਸ਼ਾ ਉਨ੍ਹਾਂ ਦਾ ਹਲਕਾ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਇਸ ਤੋਂ ਉਨ੍ਹਾਂ ਦੇ ਮੁੜ ਇਸੇ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਮਿਲੇ ਹਨ।
ਅਕਾਲੀ ਦਲ ਪੁਨਰ ਸੁਰਜੀਤ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਸਾਰੇ ਆਗੂਆਂ ਨੂੰ ਇਕੱਠੇ ਹੋਣਾ ਪਵੇਗਾ। ਵੱਖ ਰਹਿ ਕੇ ਕੰਮ ਕਰਨ ਨਾਲ ਸਫ਼ਲਤਾ ਨਹੀਂ ਮਿਲੇਗੀ ਅਤੇ ਸਾਰੇ ਆਗੂਆਂ ਦੇ ਇਕੱਠੇ ਹੋਣ ਨਾਲ ਹੀ ਮੁੜ ਲਹਿਰ ਖੜ੍ਹੀ ਹੋ ਸਕੇਗੀ।