
ਅਜਨਾਲਾ ਕਾਂਡ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਲਈ ਵਧੀਆਂ ਮੁਸ਼ਕਲਾਂ
ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਫਰਵਰੀ 2023 ਵਿੱਚ ਅਜਨਾਲਾ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਅਦਾਲਤ ਵਿੱਚ ਹੋਈ। ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ।
ਆਰਮਜ਼ ਐਕਟ ਦੀਆਂ ਧਾਰਾਵਾਂ ਹਟਾਈਆਂ
ਸੁਣਵਾਈ ਦੌਰਾਨ ਬਚਾਅ ਪੱਖ ਦੀ ਵਕੀਲ ਰੀਤੂ ਰਾਏ ਸੰਧੂ ਵੱਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਸੀ। ਇਸ ਦੇ ਆਧਾਰ ’ਤੇ ਅਦਾਲਤ ਨੇ ਆਰਮਜ਼ ਐਕਟ ਅਤੇ ਸਬੂਤ ਨਸ਼ਟ ਕਰਨ ਨਾਲ ਸੰਬੰਧਿਤ ਧਾਰਾਵਾਂ ਨੂੰ ਹਟਾ ਦਿੱਤਾ।
ਗੰਭੀਰ ਧਾਰਾਵਾਂ ਤਹਿਤ ਹੋਏ ਦੋਸ਼ ਤੈਅ
ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਵਿੱਚ:
- ਕਤਲ ਦੀ ਕੋਸ਼ਿਸ਼
- ਗੰਭੀਰ ਸੱਟਾਂ ਪਹੁੰਚਾਉਣਾ
- ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਤੋਂ ਰੋਕਣਾ
- ਅਪਰਾਧਿਕ ਸਾਜ਼ਿਸ਼
- ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ
- ਗੈਰ ਕਾਨੂੰਨੀ ਭੀੜ ਦੀ ਅਗਵਾਈ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਵਰਗੇ ਦੋਸ਼ ਸ਼ਾਮਲ ਹਨ।
2023 ’ਚ ਹੋਇਆ ਸੀ ਅਜਨਾਲਾ ਥਾਣਾ ਵਿਵਾਦ
ਗੌਰਤਲਬ ਹੈ ਕਿ ਫਰਵਰੀ 2023 ਵਿੱਚ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੀ ਭੀੜ ਅਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਸੀ। ਇਸ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਚਰਚਾ ਬਟੋਰੀ ਸੀ।