
ਕਾਮਲ ਵਾਲਾ ਰੋਡ ‘ਤੇ ਵੱਡਾ ਸੜਕ ਹਾਦਸਾ, 23 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ
ਮੱਲਾਂਵਾਲਾ/ਕਾਮਲ ਵਾਲਾ — ਕਾਮਲ ਵਾਲਾ ਰੋਡ ‘ਤੇ ਪਲੰਥ ਨੇੜੇ ਸੜਕ ਵਿਚਕਾਰ ਖੜ੍ਹੇ ਟਰੱਕਾਂ ਦੀ ਲੰਮੀ ਕਤਾਰ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਗਈ। ਰਾਤ ਕਰੀਬ 9 ਵਜੇ ਵਾਪਰੇ ਇਸ ਹਾਦਸੇ ਵਿੱਚ ਪਿੰਡ ਫੱਤੇ ਵਾਲਾ ਦੇ 23 ਸਾਲਾ ਹਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਆਪਣੀ ਸਪਲੈਂਡਰ ਮੋਟਰਸਾਈਕਲ ‘ਤੇ ਕਾਮਲ ਵਾਲਾ ਤੋਂ ਮੱਲਾਂਵਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਸੜਕ ‘ਤੇ ਖੜ੍ਹੇ ਟਰੱਕਾਂ ਦੀ ਲੰਮੀ ਲਾਈਨ ਕਾਰਨ ਰਸਤਾ ਕਾਫੀ ਤੰਗ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਹਨੇਰਾ ਹੋਣ ਅਤੇ ਸਾਹਮਣੇ ਤੋਂ ਆ ਰਹੇ ਵਾਹਨ ਦੀ ਤੇਜ਼ ਲਾਈਟ ਕਾਰਨ ਉਸ ਨੂੰ ਸੜਕ ਵਿਚਕਾਰ ਖੜ੍ਹਾ ਟਰੱਕ ਦਿਖਾਈ ਨਹੀਂ ਦਿੱਤਾ ਅਤੇ ਉਸ ਦੀ ਮੋਟਰਸਾਈਕਲ ਸਿੱਧੀ ਟਰੱਕ ਨਾਲ ਟਕਰਾ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਟਰੱਕ ਦੇ ਪਿੱਛੇ ਨਾ ਤਾਂ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਅਤੇ ਨਾ ਹੀ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਸੀ, ਜਿਸ ਕਾਰਨ ਦੂਰੋਂ ਖੜ੍ਹੇ ਵਾਹਨ ਨਜ਼ਰ ਨਹੀਂ ਆ ਰਹੇ ਸਨ। ਹਾਦਸੇ ਵਿੱਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ। ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਜੀਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜੁਕ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ। ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਦਾਖਲ ਹਰਪ੍ਰੀਤ ਸਿੰਘ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਜਾਰੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਿਹਾ ਹੈ, ਜਦਕਿ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਖੜ੍ਹੇ ਭਾਰੀ ਵਾਹਨਾਂ ਲਈ ਯੋਗ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਰਾਤ ਸਮੇਂ ਰਿਫਲੈਕਟਰ ਤੇ ਚੇਤਾਵਨੀ ਬੋਰਡ ਲਗਾਉਣਾ ਲਾਜ਼ਮੀ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।