ਡੀ.ਸੀ. ਮਾਡਲ ਸਕੂਲ ਕੈਂਟ ਦੇ ਬੱਚਿਆਂ ‘ਤੇ ਹਮਲਾ, ਗੱਡੀ ‘ਤੇ ਵਰਸੇ ਇੱਟਾਂ-ਪੱਥਰ; ਡਰਾਈਵਰ ਤੇ ਵਿਦਿਆਰਥੀ ਜ਼ਖ਼ਮੀ
ਫਿਰੋਜ਼ਪੁਰ ਕੈਂਟ ਦੇ ਡੀ.ਸੀ. ਮਾਡਲ ਸਕੂਲ ਦੇ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਸਕੂਲੀ ਗੱਡੀ ‘ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਡਰਾਈਵਰ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ, ਗੱਡੀ ਨੂੰ ਰੋਕ ਕੇ ਉਸ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਡਰਾਈਵਰ ਅਤੇ ਗੱਡੀ ਵਿੱਚ ਸਵਾਰ ਕੁਝ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਘਟਨਾ ਦੌਰਾਨ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਗੱਡੀ ਦੇ ਸ਼ੀਸ਼ੇ ਵੀ ਨੁਕਸਾਨੇ ਗਏ। ਪੀੜਤ ਦਾ ਦੋਸ਼ ਹੈ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦੇ ਬਾਵਜੂਦ ਹਾਲੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ।

ਪੀੜਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦ ਕਾਰਵਾਈ ਨਾ ਹੋਈ ਤਾਂ ਉਹ ਪੁਲਿਸ ਦਫ਼ਤਰ ਦੇ ਬਾਹਰ ਆਤਮਦਾਹ ਕਰਨ ਲਈ ਮਜਬੂਰ ਹੋਣਗੇ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਮਾਪਿਆਂ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।