‘ਕਾਕਰੋਚ ਜਨਤਾ ਪਾਰਟੀ’ ਦਾ ਐਕਸ ਅਕਾਊਂਟ ਬੈਨ, ਸੀਜੇਆਈ ਸੂਰਿਆ ਕਾਂਤ ਦੇ ਬਿਆਨ ਤੋਂ ਬਾਅਦ ਛਿੜਿਆ ਵਿਵਾਦ
ਨਵੀਂ ਦਿੱਲੀ: ਚੀਫ ਜਸਟਿਸ ਸੂਰਿਆ ਕਾਂਤ ਦੇ ਇੱਕ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਆਈ “ਕਾਕਰੋਚ ਜਨਤਾ ਪਾਰਟੀ” ਦਾ ਐਕਸ (ਪੁਰਾਣਾ ਟਵਿੱਟਰ) ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।
ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸੀਜੇਆਈ ਸੂਰਿਆ ਕਾਂਤ ਵੱਲੋਂ ਕਥਿਤ ਤੌਰ ‘ਤੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ “ਕਾਕਰੋਚਾਂ” ਨਾਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਡਾ ਵਿਰੋਧ ਦੇਖਣ ਨੂੰ ਮਿਲਿਆ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਵੱਲੋਂ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਵੀ ਦਿੱਤਾ ਗਿਆ।
ਮਜ਼ਾਕ ਵਜੋਂ ਸ਼ੁਰੂ ਹੋਈ ਪਾਰਟੀ ਬਣੀ ਵੱਡਾ ਟ੍ਰੈਂਡ
ਵਿਰੋਧ ਦੇ ਦੌਰਾਨ ਕੁਝ ਨੌਜਵਾਨਾਂ ਵੱਲੋਂ “ਕਾਕਰੋਚ ਜਨਤਾ ਪਾਰਟੀ” ਨਾਮ ਨਾਲ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ ਗਈ, ਜੋ ਕੁਝ ਹੀ ਦਿਨਾਂ ਵਿੱਚ ਵੱਡਾ ਟ੍ਰੈਂਡ ਬਣ ਗਈ। ਪਾਰਟੀ ਦੇ ਐਕਸ ਅਤੇ ਇੰਸਟਾਗ੍ਰਾਮ ਪੇਜ ਨੂੰ ਲੱਖਾਂ ਲੋਕਾਂ ਨੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ।
ਰਿਪੋਰਟਾਂ ਅਨੁਸਾਰ ਪਾਰਟੀ ਦੇ ਇੰਸਟਾਗ੍ਰਾਮ ਪੇਜ ‘ਤੇ 10 ਮਿਲੀਅਨ ਤੋਂ ਵੱਧ ਫਾਲੋਅਰ ਹੋ ਗਏ ਹਨ, ਜਦਕਿ ਭਾਜਪਾ ਦੇ ਇੰਸਟਾਗ੍ਰਾਮ ਪੇਜ ਦੇ ਕਰੀਬ 8.7 ਮਿਲੀਅਨ ਫਾਲੋਅਰ ਦੱਸੇ ਜਾ ਰਹੇ ਹਨ।
ਸੰਸਥਾਪਕ ਨੇ ਜਤਾਇਆ ਰੋਸ
ਪਾਰਟੀ ਦੇ ਐਕਸ ਅਕਾਊਂਟ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਅਕਾਊਂਟ ਬੈਨ ਹੋਣ ‘ਤੇ ਗੁੱਸਾ ਜਤਾਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਪਹਿਲਾਂ ਉਨ੍ਹਾਂ ਦੇ ਅਕਾਊਂਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਗਈ।

ਉਨ੍ਹਾਂ ਕਿਹਾ, “ਜਿਸ ਗੱਲ ਦਾ ਡਰ ਸੀ, ਉਹੀ ਹੋਇਆ। ਸਾਡਾ ਅਧਿਕਾਰਤ ਐਕਸ ਅਕਾਊਂਟ ਹੁਣ ਭਾਰਤ ਵਿੱਚ ਉਪਲਬਧ ਨਹੀਂ ਹੈ।”
ਫਿਲਹਾਲ ਐਕਸ ਵੱਲੋਂ ਅਕਾਊਂਟ ਬੈਨ ਕਰਨ ਦੇ ਕਾਰਨਾਂ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ।