ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਧਿਆਪਕ ਜਗਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ, ਕਤਲ ਮਾਮਲੇ ‘ਚ ਤੁਰੰਤ ਇਨਸਾਫ ਦੀ ਕੀਤੀ ਮੰਗ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਡਿਆਲਾ ਗੁਰੂ ਇਲਾਕੇ ਦੇ ਤਲਵੰਡੀ ਮਾਣਕ ਪਿੰਡ ਦੇ ਵਾਸੀ ਅਤੇ ਸਰਕਾਰੀ ਸਕੂਲ ਅਧਿਆਪਕ ਜਗਦੀਪ ਸਿੰਘ ਦੇ ਦਿਨ ਦਿਹਾੜੇ ਹੋਏ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਜਗਦੀਪ ਸਿੰਘ ਇੱਕ ਹੋਣਹਾਰ ਗੁਰਸਿੱਖ ਅਤੇ ਮਿਹਨਤੀ ਅਧਿਆਪਕ ਸੀ, ਜੋ ਆਪਣੇ ਸਕੂਲ ਵਿੱਚ ਬਹੁਤ ਲਗਨ ਨਾਲ ਸੇਵਾਵਾਂ ਨਿਭਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਜਗਦੀਪ ਸਿੰਘ ਨਾਲ ਪੜ੍ਹਾਈ ਦੇ ਸਮੇਂ ਨਾਲ ਜੁੜੇ ਰਹੇ ਹਨ ਅਤੇ ਉਹ ਬਹੁਤ ਹੀ ਲਾਇਕ ਅਤੇ ਸਤਿਕਾਰਯੋਗ ਵਿਅਕਤੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਨੌਜਵਾਨ ਦਾ ਇਸ ਤਰ੍ਹਾਂ ਅਚਾਨਕ ਵਿਛੋੜਾ ਪੰਜਾਬ ਅਤੇ ਪੰਥ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਅਪਰਾਧਿਕ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ, ਜਿੱਥੇ ਹੋਣਹਾਰ ਨੌਜਵਾਨ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਜਗਦੀਪ ਸਿੰਘ ਦੇ ਕਾਤਲਾਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਦਿੱਤਾ ਜਾਵੇ। ਜਥੇਦਾਰ ਨੇ ਕਿਹਾ ਕਿ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਮਾਮਲੇ ਦੀ ਜਾਂਚ ਵਿੱਚ ਢਿੱਲਾਪਣ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਰੋਸ ਵਧ ਰਿਹਾ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।ਅੰਤ ਵਿੱਚ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।