ਪੰਜਾਬ ’ਚ ਯੈਲੋ ਅਲਰਟ ਜਾਰੀ: ਧੂੜ ਭਰੀਆਂ ਹਨੇਰੀਆਂ ਤੇ ਮੀਂਹ ਨਾਲ ਮੌਸਮ ਬਦਲਿਆ, ਗਰਮੀ ਤੋਂ ਮਿਲੀ ਵੱਡੀ ਰਾਹਤ
ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਵੀਰਵਾਰ ਸ਼ਾਮ ਤੋਂ ਕਈ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਤੇਜ਼ ਹਨੇਰੀਆਂ ਅਤੇ ਮੀਂਹ ਨੇ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਦੁਪਹਿਰ ਦੇ ਕਰੀਬ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ। ਲੰਬੇ ਸਮੇਂ ਤੋਂ 40 ਡਿਗਰੀ ਦੇ ਆਸ-ਪਾਸ ਰਹਿਣ ਵਾਲੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਹਾਲਾਂਕਿ ਦਿਨ ਦੇ ਸਮੇਂ ਖੁਸ਼ਕ ਮੌਸਮ ਕਾਰਨ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਵਧ ਕੇ ਦਰਜ ਕੀਤਾ ਗਿਆ, ਜਦਕਿ ਬਠਿੰਡਾ ਵਿੱਚ ਸਭ ਤੋਂ ਵੱਧ 42.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

ਤੂਫ਼ਾਨ ਦੌਰਾਨ ਕਈ ਥਾਵਾਂ ’ਤੇ ਧੂੜ ਦੇ ਗੁਬਾਰ ਉੱਡਦੇ ਰਹੇ, ਜਿਸ ਨਾਲ ਦ੍ਰਿਸ਼ਟਤਾ ਪ੍ਰਭਾਵਿਤ ਹੋਈ। ਮੀਂਹ ਤੋਂ ਬਾਅਦ ਮੌਸਮ ਕੁਝ ਹੱਦ ਤੱਕ ਸਾਫ਼ ਹੋਇਆ ਅਤੇ ਤਾਪਮਾਨ ਵਿੱਚ ਕਮੀ ਆਈ। ਲੁਧਿਆਣਾ ਵਿੱਚ 40.4 ਡਿਗਰੀ ਅਤੇ ਪਟਿਆਲਾ ਵਿੱਚ 40.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 7 ਜੂਨ ਨੂੰ ਵੀ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ 8 ਅਤੇ 9 ਜੂਨ ਨੂੰ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਉਮੀਦ ਹੈ।
ਪੰਜਾਬ ਵਿੱਚ ਧੂੜ ਭਰੀਆਂ ਹਨੇਰੀਆਂ ਅਤੇ ਮੀਂਹ ਤੋਂ ਬਾਅਦ ਬਦਲੇ ਮੌਸਮ ਦਾ ਨਜ਼ਾਰਾ; ਕਈ ਜ਼ਿਲ੍ਹਿਆਂ ਵਿੱਚ ਗਰਮੀ ਤੋਂ ਮਿਲੀ ਅਸਥਾਈ ਰਾਹਤ।
ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੇਜ਼ ਹਵਾਵਾਂ ਅਤੇ ਬਿਜਲੀ ਕੜਕਣ ਦੌਰਾਨ ਸਾਵਧਾਨ ਰਹਿਣ ਅਤੇ ਜ਼ਰੂਰੀ ਹੋਵੇ ਤਾਂ ਹੀ ਘਰਾਂ ਤੋਂ ਬਾਹਰ ਨਿਕਲਣ।