ਪੰਜਾਬ ‘ਚ ਈਡੀ ਦੇ ਛਾਪੇ, ਸਿਆਸੀ ਤੂਫ਼ਾਨ ਤੇਜ਼ – ਸਰਕਾਰ ਤੇ ਵਿਰੋਧੀ ਧਿਰ ਵਿਚਕਾਰ ਵੱਡਾ ਟਕਰਾਅ
ਚੰਡੀਗੜ੍ਹ/ਜਲੰਧਰ: ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਨੂੰ ਕੀਤੀ ਗਈ ਵੱਡੀ ਛਾਪੇਮਾਰੀ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਮੋਬਾਈਲ ਫੋਨ ਵਿਕਰੀ ਨਾਲ ਜੁੜੇ ਕਰੀਬ 100 ਕਰੋੜ ਰੁਪਏ ਦੇ ਜੀਐਸਟੀ ਧੋਖਾਧੜੀ ਮਾਮਲੇ ਅਤੇ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਜਲੰਧਰ, ਲੁਧਿਆਣਾ, ਨੋਇਡਾ ਅਤੇ ਬਰੇਲੀ ਸਮੇਤ ਕਈ ਥਾਵਾਂ ‘ਤੇ ਤਲਾਸ਼ੀ ਕੀਤੀ ਗਈ। ਜਾਂਚ ਦੌਰਾਨ ਕੁਝ ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਕੰਪਨੀਆਂ ਦੇ ਦਫਤਰਾਂ ਅਤੇ ਰਿਹਾਇਸ਼ਾਂ ‘ਤੇ ਵੀ ਛਾਪੇਮਾਰੀ ਹੋਈ। ਜਾਣਕਾਰੀ ਮੁਤਾਬਕ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਤ ਲੋਕਾਂ ਅਤੇ ਹੋਰ ਸਬੰਧਤ ਸੰਸਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਟੈਕਸ ਮਾਹਿਰ ਐਡਵੋਕੇਟ ਅਮਿਤ ਬਜਾਜ ਦੇ ਘਰ ਵੀ ਈਡੀ ਦੀ ਟੀਮ ਪਹੁੰਚੀ। ਇਸ ਕਾਰਵਾਈ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਇਸੇ ਤਰ੍ਹਾਂ ਇੱਕ ਠੇਕੇਦਾਰ ਦੇ ਘਰ ‘ਤੇ ਵੀ ਛਾਪੇਮਾਰੀ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਏਜੰਸੀਆਂ ‘ਤੇ ਸਵਾਲ ਚੁੱਕਦੇ ਹੋਏ ਦੋਸ਼ ਲਗਾਇਆ ਕਿ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀ ਰਾਜ ਦੀ ਆਰਥਿਕ ਤਰੱਕੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਕਾਰਵਾਈ ਨੂੰ ਲੈ ਕੇ ਕੇਂਦਰ ‘ਤੇ ਹਮਲਾ ਕਰਦਿਆਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਉਧਰ, ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੋਸ਼ ਲਗਾਇਆ ਕਿ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਤੌਰ ‘ਤੇ ਸਮਾਜ ਨੂੰ ਧਰਮ ਅਤੇ ਵਰਗਾਂ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਜਪਾ ਆਗੂ ਤਜਿੰਦਰ ਬੱਗਾ ਨੇ ਇਸ ਬਿਆਨਬਾਜ਼ੀ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕੇਜਰੀਵਾਲ ‘ਤੇ ਦੋਸ਼ ਲਗਾਏ ਕਿ ਉਹ ਪੰਜਾਬ ਵਿੱਚ ਧਰਮ ਦੇ ਨਾਂ ‘ਤੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਪੂਰੇ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ ਅਤੇ ਵੱਖ-ਵੱਖ ਪਾਰਟੀਆਂ ਇੱਕ ਦੂਜੇ ‘ਤੇ ਦੋਸ਼ ਲਗਾ ਰਹੀਆਂ ਹਨ