ਪਾਕਿਸਤਾਨ ਜਾਣ ਤੋਂ ਰੋਕੇ ਗਏ ਹਰਿਆਣਾ ਦੇ ਸਿੱਖ ਸ਼ਰਧਾਲੂ, ਅਟਾਰੀ ਸਰਹੱਦ ਤੋਂ ਵਾਪਸ ਮੁੜਿਆ ਜਥਾ
ਅੰਮ੍ਰਿਤਸਰ, 11 ਜੂਨ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਗੁਰਦੁਆਰਾ ਡੇਰਾ ਸਾਹਿਬ, ਲਾਹੌਰ (ਪਾਕਿਸਤਾਨ) ਵਿਖੇ ਮੱਥਾ ਟੇਕਣ ਲਈ ਰਵਾਨਾ ਹੋਇਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਥਾ ਅਟਾਰੀ ਸਰਹੱਦ ਤੋਂ ਅੱਗੇ ਨਹੀਂ ਜਾ ਸਕਿਆ। ਜਥੇ ਵਿੱਚ ਸ਼ਾਮਲ 94 ਸਿੱਖ ਸ਼ਰਧਾਲੂਆਂ ਨੂੰ ਭਾਰਤੀ ਇਮੀਗ੍ਰੇਸ਼ਨ ਵੱਲੋਂ ਪਾਕਿਸਤਾਨ ਜਾਣ ਦੀ ਆਗਿਆ ਨਾ ਦਿੱਤੇ ਜਾਣ ਕਾਰਨ ਵਾਪਸ ਮੁੜਨਾ ਪਿਆ, ਜਿਸ ਨਾਲ ਸੰਗਤ ਵਿੱਚ ਭਾਰੀ ਨਾਰਾਜ਼ਗੀ ਅਤੇ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਕਰੀਬ 13 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਲਾਹੌਰ ਵਿਖੇ ਸ਼ਹੀਦੀ ਗੁਰਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਸੀ। ਜਥੇ ਦੇ 105 ਮੈਂਬਰਾਂ ਵਿੱਚੋਂ 99 ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ੇ ਵੀ ਜਾਰੀ ਕੀਤੇ ਗਏ ਸਨ।

ਪਰ ਅਟਾਰੀ ਸਰਹੱਦ ’ਤੇ ਪਹੁੰਚਣ ਤੋਂ ਬਾਅਦ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਥੇ ਦੇ ਨਾਂ ਉਨ੍ਹਾਂ ਦੀ ਅਧਿਕਾਰਤ ਸੂਚੀ ਵਿੱਚ ਦਰਜ ਨਹੀਂ ਹਨ। ਇਸ ਕਾਰਨ ਸ਼ਰਧਾਲੂਆਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਵਾਪਸ ਜਾਣ ਲਈ ਕਿਹਾ ਗਿਆ। ਜਥੇ ਦੇ ਆਗੂ ਸੁਖਪਾਲ ਸਿੰਘ ਪੁਟਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹਰਿਆਣਾ ਅਤੇ ਕੇਂਦਰੀ ਗ੍ਰਹਿ ਵਿਭਾਗ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਿੱਖ ਸ਼ਰਧਾਲੂਆਂ ਨੂੰ ਜਲਦ ਹੀ ਪਾਕਿਸਤਾਨ ਜਾ ਕੇ ਗੁਰੂ ਘਰਾਂ ਦੇ ਦਰਸ਼ਨ ਕਰਨ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਆਗਿਆ ਮਿਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਵੀਜ਼ਾ ਅਰਜ਼ੀ ਸਮੇਂ ਸਾਰੀ ਲੋੜੀਂਦੀ ਕਾਰਵਾਈ ਪੂਰੀ ਕੀਤੀ ਗਈ ਸੀ ਅਤੇ ਸਾਰੇ ਦਸਤਾਵੇਜ਼ ਨਿਯਮਾਂ ਅਨੁਸਾਰ ਜਮ੍ਹਾਂ ਕਰਵਾਏ ਗਏ ਸਨ। ਇਸ ਦੇ ਬਾਵਜੂਦ ਇਮੀਗ੍ਰੇਸ਼ਨ ਸਿਸਟਮ ਵਿੱਚ ਜਥੇ ਦੇ ਨਾਂ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

ਇਸ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਿੰਦਾ ਕੀਤੀ ਹੈ। ਜਥਾ ਲੀਡਰ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਪਾਕਿਸਤਾਨ ਵੱਲੋਂ ਵੀਜ਼ੇ ਜਾਰੀ ਹੋ ਚੁੱਕੇ ਹਨ, ਉਨ੍ਹਾਂ ਨੂੰ ਧਾਰਮਿਕ ਯਾਤਰਾ ਲਈ ਪਾਕਿਸਤਾਨ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਥੇ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਲਦ ਤੋਂ ਜਲਦ ਪਾਕਿਸਤਾਨ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ, ਤਾਂ ਜੋ ਸਿੱਖ ਸ਼ਰਧਾਲੂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ।