ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ: 8ਵੀਂ ਜਮਾਤ ਦੇ ਇਤਿਹਾਸ ਕੋਰਸ ਵਿੱਚ ਸਿੱਖ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਭਾਈਚਾਰੇ ਨਾਲ ਕੀਤਾ ਇੱਕ ਅਹਿਮ ਵਾਅਦਾ ਪੂਰਾ ਕਰਦਿਆਂ ਸੂਬੇ ਦੇ ਸਕੂਲਾਂ ਦੀ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਯੋਗਦਾਨ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਲਾਗੂ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਹੁਣ ਵਿਦਿਆਰਥੀ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰ ਸਕਣਗੇ। ਮੁੱਖ ਮੰਤਰੀ ਨੇ ਇਹ ਐਲਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਕੀਤਾ ਸੀ, ਜਿਸ ਨੂੰ ਹੁਣ ਅਮਲੀ ਰੂਪ ਦਿੱਤਾ ਗਿਆ ਹੈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਸਿੱਖ ਗੁਰੂਆਂ ਨੇ ਮਨੁੱਖਤਾ, ਸਮਾਨਤਾ, ਸੇਵਾ, ਭਾਈਚਾਰੇ ਅਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਣਾ ਦਾ ਸਰੋਤ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਹਿੰਮਤ, ਨੇਤ੍ਰਿਤਵ ਅਤੇ ਜ਼ੁਲਮ ਵਿਰੁੱਧ ਸੰਘਰਸ਼ ਦੀ ਮਿਸਾਲ ਹੈ। ਉਨ੍ਹਾਂ ਨੇ ਕਮਜ਼ੋਰ ਅਤੇ ਵਾਂਝੇ ਵਰਗਾਂ ਨੂੰ ਹੱਕ ਦਿਵਾਉਣ ਲਈ ਇਤਿਹਾਸਕ ਭੂਮਿਕਾ ਨਿਭਾਈ, ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੇ ਇਹ ਅਧਿਆਏ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਸੇਵਾ ਭਾਵਨਾ, ਸਮਾਜਿਕ ਸਦਭਾਵਨਾ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਗੁਣਾਂ ਨੂੰ ਵਿਕਸਤ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ। ਹਰਿਆਣਾ ਸਰਕਾਰ ਸਿੱਖਿਆ ਨੂੰ ਸਿਰਫ਼ ਗਿਆਨ ਦਾ ਸਾਧਨ ਨਹੀਂ, ਸਗੋਂ ਚੰਗੇ ਸੰਸਕਾਰਾਂ ਦੇ ਨਿਰਮਾਣ ਦਾ ਮਾਧਿਅਮ ਵੀ ਮੰਨਦੀ ਹੈ। ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਨੇ ਇਸ ਪਹਿਲ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸੂਬੇ ਦੀ ਸਮਾਵੇਸ਼ੀ ਅਤੇ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ।