ਦੁਖਦਾਈ ਖ਼ਬਰ: ਦਿਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਭਾਰਤੀ ਖੇਡ ਜਗਤ ਵਿੱਚ ਸੋਗ ਦੀ ਲਹਿਰ
ਭਾਰਤੀ ਖੇਡ ਜਗਤ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਜਸਪਾਲ ਰਾਣਾ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਹ 49 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਖੇਡ ਭਾਈਚਾਰੇ ਵਿੱਚ ਗਹਿਰਾ ਸੋਗ ਫੈਲ ਗਿਆ ਹੈ।

ਰਿਪੋਰਟਾਂ ਅਨੁਸਾਰ, ਜਸਪਾਲ ਰਾਣਾ ਜਰਮਨੀ ਵਿੱਚ ਹੋਏ ISSF ਸ਼ੂਟਿੰਗ ਵਿਸ਼ਵ ਕੱਪ ਤੋਂ ਵਾਪਸੀ ਦੌਰਾਨ ਹਵਾਈ ਯਾਤਰਾ ਸਮੇਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਨ ਲੱਗੇ। ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਸਾਕੇਤ ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸਰਜਰੀ ਵੀ ਕੀਤੀ ਗਈ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (NRAI) ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ।

ਉੱਤਰਾਖੰਡ ਦੇ ਉੱਤਰਕਾਸ਼ੀ ਨਾਲ ਸਬੰਧਤ ਜਸਪਾਲ ਰਾਣਾ ਨੇ 1990 ਦੇ ਦਹਾਕੇ ਵਿੱਚ ਪਿਸਟਲ ਸ਼ੂਟਿੰਗ ਵਿੱਚ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ। 1994 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਉਨ੍ਹਾਂ ਨੇ ਆਪਣੀ ਪਹਿਚਾਣ ਬਣਾਈ ਅਤੇ ਬਾਅਦ ਵਿੱਚ ਕਈ ਵੱਡੇ ਟੂਰਨਾਮੈਂਟਾਂ ਵਿੱਚ ਦੇਸ਼ ਲਈ ਤਗਮੇ ਜਿੱਤੇ। ਕਾਮਨਵੈਲਥ ਖੇਡਾਂ ਵਿੱਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ। ਉਨ੍ਹਾਂ ਨੇ 1994, 1998, 2002 ਅਤੇ 2006 ਦੀਆਂ ਖੇਡਾਂ ਵਿੱਚ ਕੁੱਲ 9 ਸੋਨੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਲਈ ਇਤਿਹਾਸ ਰਚਿਆ।

ਖੇਡ ਜਗਤ ਵਿੱਚ ਉਨ੍ਹਾਂ ਦੀ ਪਹਿਚਾਣ ਸਿਰਫ਼ ਇੱਕ ਮਹਾਨ ਨਿਸ਼ਾਨੇਬਾਜ਼ ਵਜੋਂ ਹੀ ਨਹੀਂ, ਸਗੋਂ ਇੱਕ ਸਮਰਪਿਤ ਕੋਚ ਵਜੋਂ ਵੀ ਸੀ, ਜੋ ਨੌਜਵਾਨ ਖਿਡਾਰੀਆਂ ਨੂੰ ਲਗਾਤਾਰ ਤਿਆਰ ਕਰ ਰਹੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਖੇਡ ਜਗਤ ਨੇ ਇੱਕ ਮਹਾਨ ਖਿਡਾਰੀ ਅਤੇ ਮਾਰਗਦਰਸ਼ਕ ਨੂੰ ਖੋ ਦਿੱਤਾ ਹੈ।