ਕੁੱਲੂ-ਮਨਾਲੀ ਘੁੰਮਣ ਗਿਆ ਜਲੰਧਰ ਦਾ ਪਰਿਵਾਰ ਹਾਦਸੇ ਦਾ ਸ਼ਿਕਾਰ, ਪਿਓ-ਧੀ ਦੀ ਮੌਤ; ਰੈਸਕਿਊ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ
ਜਲੰਧਰ/ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਜਲੰਧਰ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਕੁੱਲੂ-ਮਨਾਲੀ ਘੁੰਮਣ ਗਏ ਪਰਿਵਾਰ ਦੀ ਕਾਰ ਸਰਸਾੜੀ ਇਲਾਕੇ ਨੇੜੇ ਬੇਕਾਬੂ ਹੋ ਕੇ ਕਰੀਬ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਪਿਤਾ ਅਤੇ ਧੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਪਿਓ-ਧੀ ਦੀ ਮੌਤ, ਤਿੰਨ ਮੈਂਬਰ ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਬਾਬਾ ਬੁੱਢਾ ਜੀ ਨਗਰ (ਰਾਮਾਮੰਡੀ) ਨਿਵਾਸੀ 45 ਸਾਲਾ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ 19 ਸਾਲਾ ਧੀ ਨਿਧੀ ਵਜੋਂ ਹੋਈ ਹੈ। ਹਾਦਸੇ ਵਿੱਚ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ ਅੱਠ ਸਾਲ ਦੀ ਬੱਚੀ ਵੀ ਸ਼ਾਮਲ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ, ਪੁਲਿਸ ਅਤੇ ਰੈਸਕਿਊ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਰੜੀ ਮੁਸ਼ੱਕਤ ਤੋਂ ਬਾਅਦ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਹਾਲਤ ਵਾਲੇ ਜ਼ਖ਼ਮੀਆਂ ਨੂੰ ਅੱਗੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਗੁਆਂਢੀਆਂ ਅਨੁਸਾਰ ਪਰਿਵਾਰ ਕੁਝ ਦਿਨ ਪਹਿਲਾਂ ਕੁੱਲੂ-ਮਨਾਲੀ ਸੈਰ ਕਰਨ ਲਈ ਗਿਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਯਾਤਰਾ ਇੰਨੀ ਦੁਖਦਾਈ ਸਾਬਤ ਹੋਵੇਗੀ।ਪਰਮਿੰਦਰ ਸਿੰਘ ਇੱਕ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਵਿੱਚ ਨੌਕਰੀ ਕਰਦੇ ਸਨ, ਜਦਕਿ ਉਨ੍ਹਾਂ ਦੀ ਧੀ ਨਿਧੀ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੀ ਮਾਤਾ ਦੇ ਬਿਊਟੀ ਪਾਰਲਰ ਦੇ ਕੰਮ ਵਿੱਚ ਵੀ ਹੱਥ ਬਟਾਉਂਦੀ ਸੀ।

ਪਰਿਵਾਰ ਨੂੰ ਜਾਣਨ ਵਾਲਿਆਂ ਮੁਤਾਬਕ ਉਹ ਬਹੁਤ ਹੀ ਮਿਲਣਸਾਰ ਅਤੇ ਸਮਾਜ ਸੇਵੀ ਸੁਭਾਅ ਦੇ ਸਨ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਨੇ ਹਰ ਕਿਸੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਕਾਰ ਪਾਰਵਤੀ ਦਰਿਆ ਦੇ ਕੰਢੇ ਨੇੜੇ ਜਾ ਡਿੱਗੀ ਸੀ ਅਤੇ ਅੰਦਰ ਸਵਾਰ ਲੋਕ ਬੁਰੀ ਤਰ੍ਹਾਂ ਫਸੇ ਹੋਏ ਸਨ। ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਕਾਰ ਦੇ ਦਰਵਾਜ਼ੇ ਅਤੇ ਖਿੜਕੀਆਂ ਨਾ ਖੁੱਲ੍ਹਣ ਕਾਰਨ ਲੋਕਾਂ ਨੇ ਗੱਡੀ ਨੂੰ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਵੀਡੀਓਜ਼ ਵਿੱਚ ਲੋਕਾਂ ਨੂੰ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਜੱਦੋਜਹਿਦ ਕਰਦੇ ਦੇਖਿਆ ਜਾ ਸਕਦਾ ਹੈ।

ਇਸ ਦੁਖਦਾਈ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦੇ ਜਾਣਕਾਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ।