ਅਮਰਨਾਥ ਯਾਤਰਾ 2026: ਪੰਜਾਬ ਪੁਲਿਸ ਹਾਈ ਅਲਰਟ ‘ਤੇ, ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਸਖ਼ਤ
ਪਠਾਨਕੋਟ: 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।

ਪਠਾਨਕੋਟ, ਜੋ ਜੰਮੂ-ਕਸ਼ਮੀਰ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ, ਉੱਥੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਗਏ ਹਨ। ਪੰਜਾਬ ਵਿੱਚ ਦਾਖਲ ਹੋਣ ਵਾਲੇ ਹਰ ਵਾਹਨ ਅਤੇ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਪਠਾਨਕੋਟ-ਹਿਮਾਚਲ ਸਰਹੱਦ ‘ਤੇ ਸਥਿਤ ਚੱਕੀ ਪੁਲ ‘ਤੇ ਵਿਸ਼ੇਸ਼ ਅੰਤਰਰਾਜੀ ਚੈਕ ਪੋਸਟ ਸਥਾਪਤ ਕੀਤੀ ਗਈ ਹੈ। ਇੱਥੇ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਕੜੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਕਾਰਾਂ, ਬੱਸਾਂ, ਟਰੱਕਾਂ ਅਤੇ ਹੋਰ ਵਪਾਰਕ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਪਛਾਣ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੁਰੱਖਿਆ ਏਜੰਸੀਆਂ ਦੀ ਹਰ ਗਤੀਵਿਧੀ ‘ਤੇ ਨਜ਼ਰ
ਪੁਲਿਸ ਅਧਿਕਾਰੀਆਂ ਮੁਤਾਬਕ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ‘ਤੇ ਨਿਗਰਾਨੀ ਰੱਖਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਚੂਕ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਸੰਭਵ ਸਾਵਧਾਨੀ ਵਰਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਜਾਣ ਵਾਲੇ ਰਸਤੇ ‘ਤੇ ਸੁਰੱਖਿਆ ਵਧਾਈ
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਸ਼ਰਧਾਲੂ ਹਰ ਸਾਲ ਅਮਰਨਾਥ ਯਾਤਰਾ ਲਈ ਪਠਾਨਕੋਟ ਰਾਹੀਂ ਜੰਮੂ-ਕਸ਼ਮੀਰ ਪਹੁੰਚਦੇ ਹਨ। ਇਸ ਕਾਰਨ ਇਹ ਰਸਤਾ ਸੁਰੱਖਿਆ ਦੇ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪੁਲਿਸ ਨੇ ਜੰਮੂ-ਕਸ਼ਮੀਰ ਵੱਲ ਜਾਣ ਵਾਲੇ ਮੁੱਖ ਮਾਰਗਾਂ ‘ਤੇ ਵਾਧੂ ਫੋਰਸ ਤਾਇਨਾਤ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸੁਰੱਖਿਆ ਪ੍ਰਬੰਧਾਂ ਦੇ ਤਹਿਤ ਪੰਜਾਬ-ਜੰਮੂ ਰੂਟ ਅਤੇ ਸਰਹੱਦੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਨਾਕੇ ਲਗਾਏ ਗਏ ਹਨ। ਇਨ੍ਹਾਂ ਨਾਕਿਆਂ ‘ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਰ ਸ਼ੱਕੀ ਗਤੀਵਿਧੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਯਾਤਰਾ ਖਤਮ ਹੋਣ ਤੱਕ ਇਹ ਵਿਸ਼ੇਸ਼ ਸੁਰੱਖਿਆ ਪ੍ਰਬੰਧ ਜਾਰੀ ਰਹਿਣਗੇ।

ਅਧਿਕਾਰੀਆਂ ਨੇ ਕਿਹਾ ਕਿ ਅਮਰਨਾਥ ਯਾਤਰਾ ਨੂੰ ਸੁਰੱਖਿਅਤ, ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ। ਇਸ ਲਈ ਸੁਰੱਖਿਆ ਬਲਾਂ, ਪੁਲਿਸ ਅਤੇ ਹੋਰ ਏਜੰਸੀਆਂ ਵਿਚਕਾਰ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ। ਯਾਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸੁਰੱਖਿਆ ਏਜੰਸੀਆਂ ਦਾ ਸਹਿਯੋਗ ਕਰਨ ਅਤੇ ਯਾਤਰਾ ਦੌਰਾਨ ਜਾਰੀ ਹਦਾਇਤਾਂ ਦੀ ਪਾਲਣਾ ਕਰਨ।