ਖੰਨਾ ਮੰਡੀ ਵਿੱਚ ਮੱਕੀ ਦੀ ਆਮਦ ਨੇ ਫੜੀ ਰਫ਼ਤਾਰ, MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ
ਖੰਨਾ (ਲੁਧਿਆਣਾ): ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਮੱਕੀ ਦੀ ਆਮਦ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਕਿਸਾਨ ਆਪਣੀ ਮੱਕੀ ਦੀ ਫਸਲ ਵੇਚਣ ਲਈ ਮੰਡੀ ਵਿੱਚ ਪਹੁੰਚ ਰਹੇ ਹਨ। ਹੁਣ ਤੱਕ ਖੰਨਾ ਮੰਡੀ ਵਿੱਚ ਕਰੀਬ 84 ਹਜ਼ਾਰ ਕੁਇੰਟਲ ਮੱਕੀ ਦੀ ਆਮਦ ਦਰਜ ਕੀਤੀ ਜਾ ਚੁੱਕੀ ਹੈ।ਹਾਲਾਂਕਿ ਮੱਕੀ ਦੀ ਵਧਦੀ ਆਮਦ ਦੇ ਬਾਵਜੂਦ ਕਿਸਾਨਾਂ ਨੂੰ ਆਪਣੀ ਫਸਲ ਦਾ ਵਾਜਬ ਭਾਅ ਨਹੀਂ ਮਿਲ ਰਿਹਾ। ਮੰਡੀ ਵਿੱਚ ਇਸ ਵੇਲੇ ਮੱਕੀ ਦੀ ਖਰੀਦ ਸਰਕਾਰੀ ਏਜੰਸੀਆਂ ਦੀ ਥਾਂ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਫਸਲ ਦੀ ਨਮੀ, ਗੁਣਵੱਤਾ ਅਤੇ ਬਾਜ਼ਾਰ ਦੀ ਮੰਗ ਦੇ ਅਧਾਰ ‘ਤੇ ਬੋਲੀ ਲਗਾਈ ਜਾਂਦੀ ਹੈ। ਕਿਸਾਨਾਂ ਨੂੰ ਮੱਕੀ ਦਾ ਭਾਅ 1050 ਰੁਪਏ ਤੋਂ 2200 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਇਸ ਦਾ ਘੱਟੋ-ਘੱਟ ਸਮਰਥਨ ਮੁੱਲ (MSP) 2410 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।

MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨਾਂ ਵਿੱਚ ਨਾਰਾਜ਼ਗੀ ਅਤੇ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨ ਲਖਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਮੱਕੀ ਵਰਗੀਆਂ ਵਿਕਲਪਕ ਫਸਲਾਂ ਦੀ ਕਾਸ਼ਤ ਲਈ ਪ੍ਰੇਰਿਤ ਕਰ ਰਹੀ ਹੈ, ਪਰ ਜੇਕਰ ਫਸਲ ਦਾ ਸਹੀ ਮੁੱਲ ਹੀ ਨਾ ਮਿਲੇ ਤਾਂ ਕਿਸਾਨਾਂ ਲਈ ਇਹ ਘਾਟੇ ਦਾ ਸੌਦਾ ਬਣ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੱਕੀ ਦੀ ਸਰਕਾਰੀ ਖਰੀਦ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

ਉੱਧਰ ਮਾਰਕੀਟ ਕਮੇਟੀ ਦੇ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੱਕੀ ਦੀ ਸਰਕਾਰੀ ਖਰੀਦ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਇਸ ਦੀ ਖਰੀਦ ਹਮੇਸ਼ਾ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ।

ਦੂਜੇ ਪਾਸੇ ਆੜਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਪਾਰੀ ਖੰਨਾ ਮੰਡੀ ਵਿੱਚ ਪਹੁੰਚਦੇ ਹਨ ਅਤੇ ਮੱਕੀ ਦੀ ਗੁਣਵੱਤਾ, ਨਮੀ ਅਤੇ ਬਾਜ਼ਾਰ ਦੀ ਮੰਗ ਦੇ ਅਧਾਰ ‘ਤੇ ਬੋਲੀ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਬਾਜ਼ਾਰ ਪ੍ਰਣਾਲੀ ਅਧੀਨ ਖਰੀਦ ਅਤੇ ਭਾਅ ਦਾ ਨਿਰਧਾਰਨ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤਾ ਜਾਂਦਾ ਹੈ। ਖੰਨਾ ਮੰਡੀ ਵਿੱਚ ਮੱਕੀ ਦੀ ਵਧਦੀ ਆਮਦ ਦੇ ਨਾਲ MSP ਤੋਂ ਘੱਟ ਭਾਅ ਮਿਲਣ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਤਾਂ ਇਸ ਦੀ ਸਰਕਾਰੀ ਖਰੀਦ ਅਤੇ MSP ਦੀ ਗਾਰੰਟੀ ਵੀ ਯਕੀਨੀ ਬਣਾਉਣੀ ਹੋਵੇਗੀ।