ਟ੍ਰੇਨਿੰਗ ਦੌਰਾਨ 22 ਸਾਲਾ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਮੌਤ, ਪਰਿਵਾਰ ਵੱਲੋਂ ਸ਼ਹੀਦੀ ਦਰਜੇ ਦੀ ਮੰਗ
ਬਰਨਾਲਾ: ਸ਼ਹਿਰ ਦੀ ਰਾਧਾ ਰਾਣੀ ਕਲੋਨੀ ਦੇ ਰਹਿਣ ਵਾਲੇ 22 ਸਾਲਾ ਅਗਨੀਵੀਰ ਜਵਾਨ ਜਸ਼ਨਪ੍ਰੀਤ ਸਿੰਘ ਦੀ ਟ੍ਰੇਨਿੰਗ ਦੌਰਾਨ ਮੌਤ ਹੋ ਜਾਣ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਸ਼ਨਪ੍ਰੀਤ ਸਿੰਘ ਸਾਬਕਾ ਸੈਨਿਕ ਬੂਟਾ ਸਿੰਘ ਦਾ ਛੋਟਾ ਪੁੱਤਰ ਸੀ ਅਤੇ ਕਰੀਬ ਡੇਢ ਸਾਲ ਪਹਿਲਾਂ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਗਨੀਵੀਰ ਯੋਜਨਾ ਤਹਿਤ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ।

ਪਰਿਵਾਰ ਅਨੁਸਾਰ ਜਸ਼ਨਪ੍ਰੀਤ ਸਿੰਘ ਦੀ ਟ੍ਰੇਨਿੰਗ ਉੱਤਰ ਪ੍ਰਦੇਸ਼ ਦੇ ਫਤਿਹਗੜ੍ਹ ਵਿਖੇ ਚੱਲ ਰਹੀ ਸੀ। ਟ੍ਰੇਨਿੰਗ ਦੌਰਾਨ ਉਸ ਦੀ ਮੌਤ ਹੋ ਗਈ। ਹਾਲਾਂਕਿ ਕੁਝ ਥਾਵਾਂ ‘ਤੇ ਹਾਰਟ ਅਟੈਕ ਕਾਰਨ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਮੈਡੀਕਲ ਰਿਪੋਰਟ ਜਾਂ ਫੌਜੀ ਬਿਆਨ ਸਾਹਮਣੇ ਨਹੀਂ ਆਇਆ। ਜਸ਼ਨਪ੍ਰੀਤ ਸਿੰਘ ਦਾ ਪਰਿਵਾਰ ਲੰਮੇ ਸਮੇਂ ਤੋਂ ਦੇਸ਼ ਸੇਵਾ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਬੂਟਾ ਸਿੰਘ 19 ਸਾਲ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ, ਜਦਕਿ ਉਸ ਦਾ ਵੱਡਾ ਭਰਾ ਅਰਸ਼ਦੀਪ ਸਿੰਘ ਇਸ ਸਮੇਂ ਵੀ ਫੌਜ ਵਿੱਚ ਸੇਵਾ ਕਰ ਰਿਹਾ ਹੈ। ਇਸ ਤਰ੍ਹਾਂ ਪਰਿਵਾਰ ਦੇ ਤਿੰਨ ਮੈਂਬਰ ਦੇਸ਼ ਦੀ ਰੱਖਿਆ ਲਈ ਫੌਜ ਨਾਲ ਜੁੜੇ ਰਹੇ ਹਨ।

ਮਾਂ ਨੇ ਭਰੇ ਮਨ ਨਾਲ ਕਿਹਾ ਕਿ ਉਹ ਆਪਣੇ ਪੁੱਤ ਦੀ ਉਡੀਕ ਕਰ ਰਹੀ ਸੀ, ਪਰ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਇੱਕ ਮਾਂ ਹੋਣ ਦੇ ਨਾਤੇ ਦੁੱਖ ਬੇਹੱਦ ਹੈ, ਪਰ ਇਸ ਗੱਲ ਦਾ ਮਾਣ ਵੀ ਹੈ ਕਿ ਉਸ ਦਾ ਪੁੱਤ ਦੇਸ਼ ਦੀ ਸੇਵਾ ਕਰਦਾ ਹੋਇਆ ਇਸ ਦੁਨੀਆ ਤੋਂ ਵਿਦਾ ਹੋਇਆ। ਜਸ਼ਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ ਅਤੇ ਵੱਡੇ ਭਰਾ ਅਰਸ਼ਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਪਹਿਲਾਂ ਤੋਂ ਹੀ ਦੇਸ਼ ਸੇਵਾ ਲਈ ਸਮਰਪਿਤ ਰਿਹਾ ਹੈ ਅਤੇ ਇਸੇ ਪ੍ਰੇਰਣਾ ਸਦਕਾ ਜਸ਼ਨਪ੍ਰੀਤ ਵੀ ਫੌਜ ਵਿੱਚ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਅਜੇ ਤੱਕ ਕੋਈ ਮੈਡੀਕਲ ਰਿਪੋਰਟ ਨਹੀਂ ਮਿਲੀ ਅਤੇ ਉਹ ਅਸਲ ਕਾਰਨਾਂ ਬਾਰੇ ਜਾਣਕਾਰੀ ਲਈ ਰਿਪੋਰਟ ਦੀ ਉਡੀਕ ਕਰ ਰਹੇ ਹਨ।

ਪਰਿਵਾਰ ਵੱਲੋਂ ਜਸ਼ਨਪ੍ਰੀਤ ਸਿੰਘ ਨੂੰ ਸ਼ਹੀਦੀ ਦਰਜਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰਵਾਇਆ। ਫਿਲਹਾਲ ਮੈਡੀਕਲ ਰਿਪੋਰਟ ਅਤੇ ਫੌਜੀ ਅਧਿਕਾਰੀਆਂ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ। ਇਸ ਦੁੱਖਦਾਈ ਘਟਨਾ ਤੋਂ ਬਾਅਦ ਇਲਾਕੇ ਦੀਆਂ ਸਮਾਜਿਕ, ਧਾਰਮਿਕ, ਸਾਬਕਾ ਫੌਜੀ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।