ਬਠਿੰਡਾ ਦੀ ਸ਼ਰਾਬ ਫੈਕਟਰੀ ਵਿੱਚ ਭਿਆਨਕ ਅੱਗ, ਐਥਨੋਲ ਟੈਂਕਰ ਸੜਨ ਨਾਲ ਮਚੀ ਹੜਕੰਪ
ਬਠਿੰਡਾ: ਬਠਿੰਡਾ-ਬੀਕਾਨੇਰ ਨੈਸ਼ਨਲ ਹਾਈਵੇਅ ਨੇੜੇ ਪਿੰਡ ਮਛਾਣਾ ਸਥਿਤ ਇੱਕ ਸ਼ਰਾਬ ਫੈਕਟਰੀ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਫੈਕਟਰੀ ਵਿੱਚ ਸਟੋਰ ਕੀਤੇ ਐਥਨੋਲ ਟੈਂਕਰ ਵਿੱਚ ਲੱਗੀ, ਜਿਸ ਕਾਰਨ ਕੁਝ ਹੀ ਸਮੇਂ ਵਿੱਚ ਲਪਟਾਂ ਨੇ ਵੱਡਾ ਰੂਪ ਧਾਰ ਲਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫੈਕਟਰੀ ਪ੍ਰਬੰਧਨ ਨੇ ਤੁਰੰਤ ਕਾਰਵਾਈ ਕਰਦਿਆਂ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਪਰ ਅੱਗ ਦੀ ਤੀਬਰਤਾ ਨੂੰ ਦੇਖਦਿਆਂ ਨੇੜਲੇ ਫਾਇਰ ਸਟੇਸ਼ਨਾਂ ਅਤੇ ਰਿਫਾਇਨਰੀ ਤੋਂ ਵੀ ਵਾਧੂ ਫਾਇਰ ਟੈਂਡਰ ਮੰਗਵਾਏ ਗਏ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਾਇਰਮੈਨ ਹਰਪਾਲ ਸਿੰਘ ਮੁਤਾਬਕ ਇਸ ਘਟਨਾ ਵਿੱਚ ਵੱਡੀ ਮਾਤਰਾ ਵਿੱਚ ਸਟੋਰ ਕੀਤਾ ਐਥਨੋਲ ਅੱਗ ਦੀ ਲਪੇਟ ਵਿੱਚ ਆ ਗਿਆ। ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ, ਜੋ ਕਿ ਰਾਹਤ ਵਾਲੀ ਗੱਲ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਅੱਗ ਸ਼ਰਾਬ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵਰਤੇ ਜਾਣ ਵਾਲੇ ਸਟੀਮ ਟੈਂਕ ਦੇ ਨੇੜੇ ਲੱਗੀ ਸੀ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਹਾਦਸੇ ਵਿੱਚ ਹੋਏ ਮਾਲੀ ਨੁਕਸਾਨ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਅਤੇ ਹੋਰ ਸੰਬੰਧਿਤ ਏਜੰਸੀਆਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਘਟਨਾ ਤੋਂ ਬਾਅਦ ਫੈਕਟਰੀ ਦੇ ਸੁਰੱਖਿਆ ਪ੍ਰਬੰਧਾਂ ਅਤੇ ਅੱਗ ਰੋਕੂ ਪ੍ਰਣਾਲੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।