‘ਕੈਰੀ ਔਨ ਜੱਟਾ 4’ ਦਾ ਟ੍ਰੇਲਰ ਰਿਲੀਜ਼, ਜਸਵਿੰਦਰ ਭੱਲਾ ਨੂੰ ਦਿੱਤੀ ਭਾਵੁਕ ਸ਼ਰਧਾਂਜਲੀ; 26 ਜੂਨ ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼
ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਕਾਮੇਡੀ ਫ੍ਰੈਂਚਾਇਜ਼ੀ ‘ਕੈਰੀ ਔਨ ਜੱਟਾ’ ਦੀ ਚੌਥੀ ਕਿਸ਼ਤ ‘ਕੈਰੀ ਔਨ ਜੱਟਾ 4’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਦੇ ਰਿਲੀਜ਼ ਹੋਣ ਨਾਲ ਹੀ ਦਰਸ਼ਕਾਂ ਵਿੱਚ ਫਿਲਮ ਨੂੰ ਲੈ ਕੇ ਉਤਸ਼ਾਹ ਹੋਰ ਵੱਧ ਗਿਆ ਹੈ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਨੂੰ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਮਰਹੂਮ ਜਸਵਿੰਦਰ ਭੱਲਾ ਨੂੰ ਦਿੱਤੀ ਗਈ ਸ਼ਰਧਾਂਜਲੀ
ਫਿਲਮ ਦਾ ਟ੍ਰੇਲਰ ਇੱਕ ਭਾਵੁਕ ਪਲ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਸਮੁੱਚੀ ਸਟਾਰ ਕਾਸਟ ਵੱਲੋਂ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਅਦਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਟ੍ਰੇਲਰ ਵਿੱਚ ਉਨ੍ਹਾਂ ਦੀ ਝਲਕ ਨੇ ਪ੍ਰਸ਼ੰਸਕਾਂ ਦੇ ਦਿਲ ਜਿੱਤ ਲਏ ਹਨ।
ਹਾਸੇ ਅਤੇ ਗਲਤਫਹਿਮੀਆਂ ਨਾਲ ਭਰਪੂਰ ਹੋਵੇਗੀ ਕਹਾਣੀ
ਟ੍ਰੇਲਰ ਤੋਂ ਸਾਫ਼ ਹੈ ਕਿ ਫਿਲਮ ਇੱਕ ਵਾਰ ਫਿਰ ਹਾਸੇ, ਗਲਤਫਹਿਮੀਆਂ ਅਤੇ ਮਜ਼ੇਦਾਰ ਸਥਿਤੀਆਂ ਨਾਲ ਭਰਪੂਰ ਹੋਵੇਗੀ। ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਗੁਰਪ੍ਰੀਤ ਗੁੱਗੀ ਆਪਣੀਆਂ ਮਸ਼ਹੂਰ ਕਾਮੇਡੀ ਭੂਮਿਕਾਵਾਂ ਵਿੱਚ ਮੁੜ ਨਜ਼ਰ ਆ ਰਹੇ ਹਨ। ਕਹਾਣੀ ਇੱਕ ਅਜਿਹੇ ਝੂਠ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਗਿੱਪੀ ਗਰੇਵਾਲ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਬੋਲਦੇ ਹਨ। ਇਹ ਝੂਠ ਅੱਗੇ ਚੱਲ ਕੇ ਕਈ ਹਾਸੋਹੀਣੀਆਂ ਸਥਿਤੀਆਂ ਅਤੇ ਗਲਤਫਹਿਮੀਆਂ ਨੂੰ ਜਨਮ ਦਿੰਦਾ ਹੈ, ਜੋ ਦਰਸ਼ਕਾਂ ਲਈ ਭਰਪੂਰ ਮਨੋਰੰਜਨ ਦਾ ਵਾਅਦਾ ਕਰਦਾ ਹੈ। ‘ਕੈਰੀ ਔਨ ਜੱਟਾ 4’ ਫ੍ਰੈਂਚਾਇਜ਼ੀ ਦੀ ਪੁਰਾਣੀ ਅਤੇ ਮਸ਼ਹੂਰ ਕਾਮੇਡੀ ਸ਼ੈਲੀ ਨੂੰ ਬਰਕਰਾਰ ਰੱਖਦਿਆਂ ਨਵੇਂ ਕਾਮੇਡੀ ਤੱਤਾਂ ਦਾ ਵੀ ਸਮਾਵੇਸ਼ ਕਰਦੀ ਨਜ਼ਰ ਆ ਰਹੀ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਿਰਮਾਤਾਵਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ‘ਕੈਰੀ ਔਨ ਜੱਟਾ 4’ 26 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਪਣੀਆਂ ਪਿਛਲੀਆਂ ਕਿਸ਼ਤਾਂ ਵਾਂਗ ਬਾਕਸ ਆਫਿਸ ‘ਤੇ ਸਫਲਤਾ ਦੇ ਨਵੇਂ ਰਿਕਾਰਡ ਬਣਾਏਗੀ।