ਸ਼ੁਭਮ ਸ਼ਰਮਾ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਨੇ ਦਿੱਤੀ ਵਧਾਈ
ਸੰਗਰੂਰ: ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਧੂਰੀ ਦੇ ਸ਼ੁਭਮ ਸ਼ਰਮਾ ਨੇ ਵੱਡੀ ਜਿੱਤ ਦਰਜ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਚੋਣ ਜਿੱਤੀ ਹੈ। ਇਸ ਦੇ ਨਾਲ ਹੀ ਪ੍ਰਯਾਂਸ਼ੂ ਵੇਰਕਾ ਨੂੰ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਪ੍ਰਯਾਂਸ਼ੂ ਵੇਰਕਾ, ਸੀਨੀਅਰ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਦੇ ਪੁੱਤਰ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ। ਸ਼ੁਭਮ ਸ਼ਰਮਾ ਦੀ ਜਿੱਤ ਤੋਂ ਬਾਅਦ ਧੂਰੀ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਸਮਰਥਕਾਂ ਨੇ ਢੋਲ-ਨਗਾੜਿਆਂ ਨਾਲ ਭੰਗੜੇ ਪਾਏ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ੁਭਮ ਸ਼ਰਮਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਸ਼ਰਮਾ ਨੇ ਲਗਭਗ 1.60 ਲੱਖ ਵੋਟਾਂ ਹਾਸਲ ਕਰਕੇ ਰਿਕਾਰਡ ਜਿੱਤ ਦਰਜ ਕੀਤੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸ਼ੁਭਮ ਸ਼ਰਮਾ ਨੇ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇਹ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਪਣੀ ਥਾਂ ਬਣਾਉਣਾ ਆਸਾਨ ਨਹੀਂ ਹੁੰਦਾ, ਪਰ ਸ਼ੁਭਮ ਨੇ ਆਪਣੇ ਸੰਘਰਸ਼ ਅਤੇ ਮਿਹਨਤ ਨਾਲ ਖੁਦ ਨੂੰ ਸਾਬਤ ਕੀਤਾ ਹੈ।

ਰਾਜਾ ਵੜਿੰਗ ਨੇ ਕਿਹਾ, “ਜਿਵੇਂ ਮੈਂ ਬਿਨਾਂ ਕਿਸੇ ਗੌਡ ਫਾਦਰ ਦੇ ਸਿਆਸਤ ਵਿੱਚ ਆਪਣੀ ਪਛਾਣ ਬਣਾਈ, ਉਸੇ ਤਰ੍ਹਾਂ ਸ਼ੁਭਮ ਸ਼ਰਮਾ ਨੇ ਵੀ ਮਿਹਨਤ ਦੇ ਬਲ ‘ਤੇ ਇਹ ਸਫਲਤਾ ਹਾਸਲ ਕੀਤੀ ਹੈ। ਧੂਰੀ ਦੇ ਇਸ ਨੌਜਵਾਨ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਕਰਨ ਵਾਲੇ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ।”ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਸ਼ੁਭਮ ਸ਼ਰਮਾ ਪੰਜਾਬ ਦੀ ਸਿਆਸਤ ਦਾ ਇੱਕ ਚਮਕਦਾ ਸਿਤਾਰਾ ਸਾਬਤ ਹੋਣਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ। ਯੂਥ ਕਾਂਗਰਸ ਪ੍ਰਧਾਨ ਦੀ ਚੋਣ ਵਿੱਚ ਸ਼ੁਭਮ ਸ਼ਰਮਾ ਨੇ ਆਪਣੇ ਨਜ਼ਦੀਕੀ ਵਿਰੋਧੀ ਗਗਨਦੀਪ ਸਿੰਘ ਜਲਾਲਪੁਰ ਨੂੰ 3,883 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਗਗਨਦੀਪ ਜਲਾਲਪੁਰ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਦੇ ਇੱਕ ਪ੍ਰਭਾਵਸ਼ਾਲੀ ਧੜੇ ਦਾ ਸਮਰਥਨ ਹਾਸਲ ਸੀ।

ਇਸ ਤੋਂ ਇਲਾਵਾ ਕਰਮਵੀਰ ਢਿੱਲੋਂ ਚੋਣ ਵਿੱਚ ਤੀਜੇ ਸਥਾਨ ‘ਤੇ ਰਹੇ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੇ ਸਮਰਥਨ ਦੇ ਬਾਵਜੂਦ ਜਿੱਤ ਹਾਸਲ ਕਰਨ ਵਿੱਚ ਅਸਫਲ ਰਹੇ। ਕਾਂਗਰਸ ਪਾਰਟੀ ਵੱਲੋਂ ਨੌਜਵਾਨ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਾਰਟੀ ਦਾ ਮੰਨਣਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਫੈਸਲਾਕੁੰਨ ਸਾਬਤ ਹੋ ਸਕਦੀ ਹੈ, ਜਿਸ ਕਰਕੇ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।