ਵੈਨੇਜ਼ੁਏਲਾ ‘ਚ ਦੋ ਤਾਕਤਵਰ ਭੂਚਾਲਾਂ ਨਾਲ ਕਹਿਰ, ਕਈ ਇਮਾਰਤਾਂ ਢਹਿ ਗਈਆਂ — ਹਜ਼ਾਰਾਂ ਮੌਤਾਂ ਦਾ ਡਰ, ਸੁਨਾਮੀ ਚੇਤਾਵਨੀ ਬਾਅਦ ‘ਚ ਵਾਪਸ ਲਈ ਗਈ
ਕਰਾਕਸ: ਵੈਨੇਜ਼ੁਏਲਾ ਵਿੱਚ ਦੋ ਭਾਰੀ ਭੂਚਾਲਾਂ (7.1 ਅਤੇ 7.5 ਤੀਬਰਤਾ) ਨੇ ਵੱਡੀ ਤਬਾਹੀ ਮਚਾ ਦਿੱਤੀ ਹੈ। ਕੁਝ ਸਕਿੰਟਾਂ ਦੇ ਅੰਤਰ ਨਾਲ ਆਏ ਇਹ ਝਟਕੇ ਇੰਨੇ ਤਾਕਤਵਰ ਸਨ ਕਿ ਕਈ ਇਮਾਰਤਾਂ ਢਹਿ ਗਈਆਂ ਅਤੇ ਕਈਆਂ ਵਿੱਚ ਗੰਭੀਰ ਦਰਾਰਾਂ ਪੈ ਗਈਆਂ। ਰਾਜਧਾਨੀ ਕਰਾਕਸ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ, ਜਿੱਥੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ ਹਨ।

ਰਿਪੋਰਟਾਂ ਅਨੁਸਾਰ ਪਹਿਲਾ ਭੂਚਾਲ 7.1 ਤੀਬਰਤਾ ਦਾ ਸੀ ਅਤੇ ਕੁਝ ਸਕਿੰਟਾਂ ਬਾਅਦ 7.5 ਤੀਬਰਤਾ ਦਾ ਦੂਜਾ ਝਟਕਾ ਆਇਆ। ਭੂਚਾਲ ਦਾ ਕੇਂਦਰ ਮੋਂਟਾਲਬਨ ਤੋਂ ਲਗਭਗ 25 ਕਿਲੋਮੀਟਰ ਦੂਰ ਦਰਜ ਕੀਤਾ ਗਿਆ। ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।

ਕਰਾਕਸ ਦੇ ਅਲਟਾਮੀਰਾ ਇਲਾਕੇ ਵਿੱਚ ਇੱਕ 22 ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਜਾਣ ਦੀ ਰਿਪੋਰਟ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਤਬਾਹੀ ਦੀ ਭਿਆਨਕਤਾ ਦਰਸਾ ਰਹੀਆਂ ਹਨ। ਇਸ ਘਟਨਾ ਨੂੰ ਪਿਛਲੇ 100 ਸਾਲਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। USGS ਦੇ ਅਨੁਸਾਰ ਭੂਚਾਲ ਤੋਂ ਬਾਅਦ ਵੱਡੇ ਪੱਧਰ ‘ਤੇ ਨੁਕਸਾਨ ਅਤੇ ਹਜ਼ਾਰਾਂ ਲੋਕਾਂ ਦੇ ਜ਼ਖਮੀ ਜਾਂ ਮਾਰੇ ਜਾਣ ਦਾ ਖ਼ਤਰਾ ਹੈ। ਹਾਲਾਂਕਿ ਅਜੇ ਤੱਕ ਅਧਿਕਾਰਤ ਅੰਕੜੇ ਸਾਹਮਣੇ ਨਹੀਂ ਆਏ।

ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਪਹਿਲਾਂ ਜਾਰੀ ਕੀਤੀ ਚੇਤਾਵਨੀ ਵਾਪਸ ਲੈ ਲਈ ਹੈ। ਹੁਣ ਕਿਸੇ ਵੀ ਸੁਨਾਮੀ ਖ਼ਤਰੇ ਦੀ ਪੁਸ਼ਟੀ ਨਹੀਂ ਕੀਤੀ ਗਈ। ਕਰਾਕਸ ਦੇ ਚਾਕਾਓ ਜ਼ਿਲ੍ਹੇ ਵਿੱਚ 500 ਤੋਂ ਵੱਧ ਐਮਰਜੈਂਸੀ ਕਰਮਚਾਰੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਹੁਣ ਤੱਕ ਘੱਟੋ-ਘੱਟ 18 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ।

ਗ੍ਰਹਿ ਮੰਤਰੀ ਡਾਇਓਸਦਾਡੋ ਕੈਬੇਲੋ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਰਹਿਣ ਅਤੇ ਖੁੱਲ੍ਹੇ ਸਥਾਨਾਂ ‘ਚ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਆਫਟਰਸ਼ਾਕਸ ਦਾ ਖ਼ਤਰਾ ਜਾਰੀ ਹੈ।






ਇਸੇ ਦੌਰਾਨ ਜਾਪਾਨ ਵਿੱਚ ਵੀ 6.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਹਾਲਾਂਕਿ ਉੱਥੇ ਕਿਸੇ ਵੱਡੇ ਨੁਕਸਾਨ ਜਾਂ ਸੁਨਾਮੀ ਦੀ ਸੂਚਨਾ ਨਹੀਂ ਮਿਲੀ।