ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਬਣੇ ਆਂਗਣਵਾੜੀ ਵਰਕਰਾਂ ਲਈ ਮੁਸੀਬਤ, ਦੋ ਬੇਹੋਸ਼
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ਦਾ ਕੰਮ ਆਂਗਣਵਾੜੀ ਵਰਕਰਾਂ ਲਈ ਮੁਸ਼ਕਿਲਾਂ ਭਰਿਆ ਸਾਬਤ ਹੋ ਰਿਹਾ ਹੈ। ਸਰਹਿੰਦ ਸ਼ਹਿਰ ਵਿੱਚ ਯੋਜਨਾ ਦੇ ਆਨਲਾਈਨ ਫਾਰਮ ਭਰਨ ਦੌਰਾਨ ਦੋ ਆਂਗਣਵਾੜੀ ਵਰਕਰਾਂ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈਆਂ। ਬੇਹੋਸ਼ ਹੋਈਆਂ ਵਰਕਰਾਂ ਦੀ ਪਛਾਣ ਆਰਤੀ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਘਟਨਾ ਤੋਂ ਬਾਅਦ ਆਂਗਣਵਾੜੀ ਵਰਕਰਾਂ ਵਿੱਚ ਚਿੰਤਾ ਅਤੇ ਰੋਸ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮਿਲਣ ਉਪਰੰਤ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਹਸਪਤਾਲ ਪਹੁੰਚੀ ਅਤੇ ਪੀੜਤ ਵਰਕਰਾਂ ਦਾ ਹਾਲ-ਚਾਲ ਪੁੱਛਿਆ।

‘ਐਪ ਅਤੇ ਵੈੱਬਸਾਈਟ ਦੀਆਂ ਤਕਨੀਕੀ ਖਾਮੀਆਂ ਬਣ ਰਹੀਆਂ ਨੇ ਮੁਸ਼ਕਿਲ’
ਹਰਜੀਤ ਕੌਰ ਪੰਜੋਲਾ ਨੇ ਦੋਸ਼ ਲਗਾਇਆ ਕਿ ਯੋਜਨਾ ਲਈ ਬਣਾਈ ਗਈ ਐਪ ਅਤੇ ਵੈੱਬਸਾਈਟ ਲਗਾਤਾਰ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਸਰਵਰ ਵਾਰ-ਵਾਰ ਡਾਊਨ ਹੋਣ ਕਾਰਨ ਵਰਕਰਾਂ ਨੂੰ ਘੰਟਿਆਂ ਤੱਕ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ‘ਤੇ ਮਾਨਸਿਕ ਅਤੇ ਸਰੀਰਕ ਦਬਾਅ ਵਧ ਰਿਹਾ ਹੈ। ਯੂਨੀਅਨ ਪ੍ਰਧਾਨ ਨੇ ਕਿਹਾ ਕਿ ਜਦੋਂ ਵੈੱਬਸਾਈਟ ਅਤੇ ਐਪ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਤਾਂ ਲੋਕ ਵਰਕਰਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ। ਇਸ ਕਾਰਨ ਕਈ ਵਾਰ ਉਨ੍ਹਾਂ ਨੂੰ ਲੋਕਾਂ ਦੇ ਰੋਸ ਅਤੇ ਬਦਸਲੂਕੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਘਨੌਰ ਅਤੇ ਨਵਾਂਸ਼ਹਿਰ ਵਿੱਚ ਵੀ ਆਂਗਣਵਾੜੀ ਵਰਕਰਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਹਰਜੀਤ ਕੌਰ ਪੰਜੋਲਾ ਨੇ ਕਿਹਾ, “ਸਰਕਾਰ ਵੱਲੋਂ ਨਾ ਤਾਂ ਫਾਰਮ ਭਰਨ ਲਈ ਮੋਬਾਈਲ ਦਿੱਤੇ ਗਏ ਹਨ ਅਤੇ ਨਾ ਹੀ ਇੰਟਰਨੈੱਟ ਰੀਚਾਰਜ ਦੀ ਕੋਈ ਸਹੂਲਤ ਦਿੱਤੀ ਗਈ ਹੈ। ਵਰਕਰਾਂ ਨੂੰ ਆਪਣੇ ਪੱਲਿਓਂ ਖਰਚ ਕਰਕੇ ਇਹ ਕੰਮ ਕਰਨਾ ਪੈ ਰਿਹਾ ਹੈ। ਕਈ ਵਰਕਰਾਂ ਨੇ ਤਾਂ ਲੋਨ ‘ਤੇ ਮੋਬਾਈਲ ਖਰੀਦੇ ਹੋਏ ਹਨ।” ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੋਜਨਾ ਦੀ ਆਨਲਾਈਨ ਸਾਈਟ ਅਤੇ ਐਪ ਵਿੱਚ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ, ਤਾਂ ਜੋ ਵਰਕਰ ਬਿਨਾਂ ਕਿਸੇ ਤਣਾਅ ਦੇ ਆਪਣੀ ਡਿਊਟੀ ਨਿਭਾ ਸਕਣ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਰਕਰਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੂਬਾ ਪੱਧਰ ‘ਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।