CM ਮਾਨ ਵਾਇਰਲ ਵੀਡੀਓ ਵਿਵਾਦ: ‘ਮਾਸਕ’ ਦਾਅਵੇ ਨਾਲ ਨਵਾਂ ਸਿਆਸੀ ਤੂਫ਼ਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਵਾਇਰਲ ਵੀਡੀਓ ਮਾਮਲੇ ਵਿੱਚ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਾ ਤਾਂ ਕੱਦ-ਕਾਠ ਅਤੇ ਨਾ ਹੀ ਹੋਰ ਲੱਛਣ ਮਿਲਦੇ ਹਨ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ‘ਮਾਸਕ’ ਵਾਲੇ ਪੱਖ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ‘ਤੇ ਸਰਕਾਰ ਅਤੇ ਜਾਂਚ ਪ੍ਰਕਿਰਿਆ ‘ਤੇ ਤਿੱਖੇ ਸਵਾਲ ਚੁੱਕੇ ਹਨ। ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਜਿਸ ਰਿਪੋਰਟ ਦੇ ਆਧਾਰ ‘ਤੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ, ਉਹ ਖੁਦ ਹੀ ਕਈ ਵਿਰੋਧਾਭਾਸ ਦਰਸਾ ਰਹੀ ਹੈ। ਬੰਟੀ ਰੋਮਾਣਾ ਨੇ ਸਵਾਲ ਉਠਾਇਆ ਕਿ ਜੇਕਰ ਵੀਡੀਓ ਵਿੱਚ ਮਾਸਕ ਦੀ ਵਰਤੋਂ ਹੋਈ ਸੀ ਤਾਂ ਇਹ ਗੱਲ ਜਾਂਚ ਦੇ ਸ਼ੁਰੂਆਤੀ ਪੜਾਅ ‘ਚ ਕਿਉਂ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਇਸ ਨਾਲ ਜਾਂਚ ਦੀ ਭਰੋਸੇਯੋਗਤਾ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।
ਅਕਾਲੀ ਆਗੂ ਨੇ ਦਾਅਵਾ ਕੀਤਾ ਕਿ ਜਿਸ ਵੀਡੀਓ ਨੂੰ ਆਧਾਰ ਬਣਾਇਆ ਗਿਆ, ਉਹ ਕਿਸੇ ਫਰਜ਼ੀ ਅਕਾਊਂਟ ਤੋਂ ਲਈ ਗਈ ਸੀ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਦੇ ਨਾਮ ਨਾਲ ਜੋ ਅਕਾਊਂਟ ਦਰਸਾਇਆ ਗਿਆ, ਉਸ ‘ਤੇ ਅਜਿਹੀ ਕੋਈ ਵੀਡੀਓ ਮੌਜੂਦ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਾਂਚ ਦੌਰਾਨ ਕੁਝ ਸਮੱਗਰੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀ ਗਈ ਹੋ ਸਕਦੀ ਹੈ। ਇਹ ਸਿਆਸੀ ਵਿਵਾਦ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਗੁਰੂਗ੍ਰਾਮ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਕਥਿਤ ਫਰਜ਼ੀ ਲੈਬ ਰਿਪੋਰਟਾਂ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਜਾਂਚ ਪ੍ਰਕਿਰਿਆ ‘ਤੇ ਸਵਾਲ ਚੁੱਕਣੇ ਤੇਜ਼ ਕਰ ਦਿੱਤੇ ਹਨ। ਬੰਟੀ ਰੋਮਾਣਾ ਨੇ ਕਿਹਾ ਕਿ ਸਰਕਾਰ ਨੂੰ ਝੂਠੀਆਂ ਰਿਪੋਰਟਾਂ ਦੇ ਆਧਾਰ ‘ਤੇ ਦਾਅਵੇ ਕਰਨ ਦੀ ਬਜਾਏ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੁਰੂ ਘਰ ਅਤੇ ਸਿੱਖ ਸੰਗਤ ਤੋਂ ਮਾਫ਼ੀ ਮੰਗੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਅਸਲ ਵਿਵਾਦਿਤ ਵੀਡੀਓ ਦੀ ਬਜਾਏ ਹੁਣ ਵੱਖ-ਵੱਖ ਦਿਸ਼ਾਵਾਂ ਵਿੱਚ ਧਿਆਨ ਮੋੜਿਆ ਜਾ ਰਿਹਾ ਹੈ, ਜਿਸ ਨਾਲ ਮਾਮਲਾ ਹੋਰ ਉਲਝਦਾ ਜਾ ਰਿਹਾ ਹੈ।