ਬੇਅਦਬੀ ਸੋਧ ਕਾਨੂੰਨ ‘ਤੇ ਸੋਨੂੰ ਸੂਦ ਦੀ ਨਸੀਹਤ, “ਬਿਨਾਂ ਪੜ੍ਹੇ ਕੋਈ ਕਾਨੂੰਨ ਪਾਸ ਨਹੀਂ ਹੋਣਾ ਚਾਹੀਦਾ”
ਮੋਗਾ: ਬਾਲੀਵੁੱਡ ਅਦਾਕਾਰ ਅਤੇ ਸਮਾਜਸੇਵੀ ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਨੇ ਸੂਦ ਫਾਊਂਡੇਸ਼ਨ ਦੇ ‘ਛੱਤ ਤੁਹਾਡੀ, ਜ਼ਿੰਮੇਵਾਰੀ ਸਾਡੀ’ ਮਿਸ਼ਨ ਤਹਿਤ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ, ਬੇਅਦਬੀ ਸੋਧ ਕਾਨੂੰਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਸੋਨੂੰ ਸੂਦ ਨੇ ਦੱਸਿਆ ਕਿ ਸੂਦ ਫਾਊਂਡੇਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਲਈ 257 ਘਰਾਂ ਦੀ ਪਛਾਣ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਕਰੀਬ 180 ਘਰਾਂ ਦੀਆਂ ਨਵੀਆਂ ਛੱਤਾਂ ਤਿਆਰ ਕਰਕੇ ਪਰਿਵਾਰਾਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਘਰਾਂ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ।

ਬੇਅਦਬੀ ਸੋਧ ਕਾਨੂੰਨ ‘ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੋਨੂੰ ਸੂਦ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਜਾਂ ਮਹੱਤਵਪੂਰਨ ਦਸਤਾਵੇਜ਼ ਨੂੰ ਸਮਝੇ ਬਿਨਾਂ ਉਸ ‘ਤੇ ਦਸਤਖ਼ਤ ਜਾਂ ਸਮਰਥਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਵੇਂ ਇੱਕ ਆਮ ਵਿਅਕਤੀ ਵੀ ਕਿਸੇ ਦਸਤਾਵੇਜ਼ ਨੂੰ ਪੜ੍ਹ ਕੇ ਹੀ ਦਸਤਖ਼ਤ ਕਰਦਾ ਹੈ, ਉਸੇ ਤਰ੍ਹਾਂ ਜਨਤਾ ਵੱਲੋਂ ਚੁਣੇ ਨੁਮਾਇੰਦਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਹਰ ਕਾਨੂੰਨ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਆਪਣਾ ਫ਼ੈਸਲਾ ਲੈਣ।ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੋਟਰਾਂ ਨੂੰ ਵੀ ਆਪਣੇ ਨੁਮਾਇੰਦਿਆਂ ਦੀ ਚੋਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।

ਮਨੁੱਖਤਾ ਨੂੰ ਸਭ ਤੋਂ ਵੱਡਾ ਧਰਮ ਦੱਸਦਿਆਂ ਸੋਨੂੰ ਸੂਦ ਨੇ ਕਿਹਾ ਕਿ ਕੁਦਰਤੀ ਆਫ਼ਤ ਤੋਂ ਤੁਰੰਤ ਬਾਅਦ ਮਦਦ ਤਾਂ ਮਿਲ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਪ੍ਰਭਾਵਿਤ ਪਰਿਵਾਰਾਂ ਨੂੰ ਭੁੱਲ ਜਾਂਦਾ ਹੈ। ਅਜਿਹੇ ਸਮੇਂ ਉਨ੍ਹਾਂ ਦੇ ਨਾਲ ਖੜ੍ਹਨਾ ਹੀ ਅਸਲ ਸੇਵਾ ਹੈ। ਸੂਦ ਫਾਊਂਡੇਸ਼ਨ ਦਾ ਮਕਸਦ ਸਿਰਫ਼ ਰਾਹਤ ਸਮੱਗਰੀ ਦੇਣਾ ਨਹੀਂ, ਸਗੋਂ ਲੋੜਵੰਦ ਪਰਿਵਾਰਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਹੈ।

ਇਸ ਮੌਕੇ ਮਾਲਵਿਕਾ ਸੂਦ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਨਾਲ ਹੀ ਜੁੜੇ ਰਹਿਣਗੇ ਅਤੇ 2027 ਦੀਆਂ ਚੋਣਾਂ ਲਈ ਮੋਗਾ ਦੇ ਵਿਕਾਸ ਨੂੰ ਆਪਣਾ ਮੁੱਖ ਟੀਚਾ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਗਰਾਊਂਡ ਪੱਧਰ ‘ਤੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।

ਪ੍ਰੈਸ ਕਾਨਫਰੰਸ ਦੌਰਾਨ ਜਿਨ੍ਹਾਂ ਪਰਿਵਾਰਾਂ ਨੂੰ ਨਵੀਆਂ ਛੱਤਾਂ ਮਿਲੀਆਂ, ਉਨ੍ਹਾਂ ਨੇ ਸੋਨੂੰ ਸੂਦ, ਮਾਲਵਿਕਾ ਸੂਦ ਅਤੇ ਸੂਦ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨੇ ਉਨ੍ਹਾਂ ਨੂੰ ਸਿਰਫ਼ ਸੁਰੱਖਿਅਤ ਘਰ ਹੀ ਨਹੀਂ, ਸਗੋਂ ਨਵੀਂ ਉਮੀਦ ਵੀ ਦਿੱਤੀ।