ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਮੌਸਮ ਬਦਲਿਆ, ਕਿਤੇ ਰਾਹਤ ਤਾਂ ਕਿਤੇ ਪਾਣੀ ਭਰਨ ਨਾਲ ਜਨਜੀਵਨ ਪ੍ਰਭਾਵਿਤ
ਚੰਡੀਗੜ੍ਹ/ਸ਼ਿਮਲਾ/ਪਠਾਨਕੋਟ: ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਮੌਸਮ ਦਾ ਰੁੱਖ ਬਦਲ ਦਿੱਤਾ ਹੈ। ਕਈ ਥਾਵਾਂ ‘ਤੇ ਲੋਕਾਂ ਨੂੰ ਗਰਮੀ ਅਤੇ ਨਮੀ ਤੋਂ ਰਾਹਤ ਮਿਲੀ ਹੈ, ਜਦਕਿ ਕੁਝ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ ਆਉਣ ਵਾਲੇ ਦਿਨਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਸੂਬੇ ਭਰ ਵਿੱਚ ਮਾਨਸੂਨ ਦੇ ਸਰਗਰਮ ਹੋਣ ਨਾਲ ਮੌਸਮ ਠੰਡਾ ਹੋਣਾ ਸ਼ੁਰੂ ਹੋ ਗਿਆ ਹੈ।

ਪਠਾਨਕੋਟ ਵਿੱਚ ਪਾਣੀ ਭਰਨ ਨਾਲ ਜਨਜੀਵਨ ਪ੍ਰਭਾਵਿਤ
ਪਠਾਨਕੋਟ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਨਗਰ ਨਿਗਮ ਦੀਆਂ ਤਿਆਰੀਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਗਾਂਧੀ ਚੌਕ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੜਕਾਂ ‘ਤੇ 1 ਤੋਂ 2 ਫੁੱਟ ਤੱਕ ਪਾਣੀ ਇਕੱਠਾ ਹੋਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕੁਝ ਥਾਵਾਂ ‘ਤੇ ਦੋਪਹੀਆ ਵਾਹਨ ਵੀ ਬੰਦ ਹੋ ਗਏ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਜਲ ਨਿਕਾਸੀ ਪ੍ਰਣਾਲੀ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ।
ਫਰੀਦਕੋਟ ਸਭ ਤੋਂ ਗਰਮ ਜ਼ਿਲ੍ਹਾ ਰਿਹਾ
ਬਾਰਿਸ਼ ਦੇ ਬਾਵਜੂਦ ਪੰਜਾਬ ਵਿੱਚ ਗਰਮੀ ਦਾ ਅਸਰ ਵੀ ਕਾਇਮ ਰਿਹਾ। ਮੰਗਲਵਾਰ ਨੂੰ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਔਸਤ ਤਾਪਮਾਨ ਵਿੱਚ ਹਲਕੀ ਕਮੀ ਆਈ ਹੈ, ਪਰ ਰਾਜ ਦਾ ਕੁੱਲ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਬਣਿਆ ਹੋਇਆ ਹੈ।
ਕਿੱਥੇ ਕਿੱਥੇ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਚਮਕ ਦੀ ਵੀ ਸੰਭਾਵਨਾ ਹੈ। ਇਹ ਅਲਰਟ 4 ਜੁਲਾਈ ਤੱਕ ਜਾਰੀ ਰਹੇਗਾ। ਚੰਡੀਗੜ੍ਹ ਵਿੱਚ ਵੀ 3 ਅਤੇ 4 ਜੁਲਾਈ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਵੀ ਮਾਨਸੂਨ ਸਰਗਰਮ
ਹਿਮਾਚਲ ਪ੍ਰਦੇਸ਼ ਵਿੱਚ ਦੱਖਣ-ਪੱਛਮੀ ਮਾਨਸੂਨ ਕਈ ਹਿੱਸਿਆਂ ਵਿੱਚ ਪਹੁੰਚ ਗਿਆ ਹੈ। ਸ਼ਿਮਲਾ, ਕਿਨੌਰ, ਕੁੱਲੂ, ਮੰਡੀ, ਕਾਂਗੜਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵਿਆਪਕ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਲਈ ਪੀਲਾ ਅਤੇ ਸੰਤਰੀ ਅਲਰਟ ਜਾਰੀ ਕੀਤਾ ਹੈ।

2 ਅਤੇ 3 ਜੁਲਾਈ ਨੂੰ ਸਭ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਨੀਚਲੇ ਅਤੇ ਪਹਾੜੀ ਇਲਾਕਿਆਂ ਵਿੱਚ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕਈ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਜਨਜੀਵਨ ਪ੍ਰਭਾਵਿਤ ਹੋਣ ਦੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।