‘ਬਿਨਾਂ ਪੜਤਾਲ ਵੀਡੀਓ ਨਾ ਚਲਾਈ ਜਾਵੇ’—ਬਲਕੌਰ ਸਿੰਘ ਦੀ ਅਪੀਲ
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਵਿੱਚ ਉਨ੍ਹਾਂ ‘ਤੇ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ। ਇਸ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇਹ ਸਭ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਨੇ ਲਗਭਗ ਅੱਧਾ ਕਿੱਲਾ ਜ਼ਮੀਨ ਕਾਨੂੰਨੀ ਤੌਰ ‘ਤੇ ਖਰੀਦੀ ਹੈ, ਜਿਸ ਦੀ ਰਜਿਸਟਰੀ ਅਤੇ ਇੰਤਕਾਲ ਦੋਵੇਂ ਉਨ੍ਹਾਂ ਦੇ ਨਾਂ ‘ਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਹ ਆਪਣੀ ਜ਼ਮੀਨ ਵਿੱਚ ਪਾਣੀ ਲਗਾਉਣ ਗਏ ਸਨ, ਉਸ ਸਮੇਂ ਪਹਿਲਾਂ ਤੋਂ ਮੌਜੂਦ ਲੋਕਾਂ ਨਾਲ ਹਲਕਾ ਵਿਵਾਦ ਹੋਇਆ। ਬਾਅਦ ਵਿੱਚ ਉਨ੍ਹਾਂ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ‘ਤੇ ਕਬਜ਼ੇ ਦੇ ਦੋਸ਼ ਲਗਾਏ ਗਏ।

ਬਲਕੌਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਕਾਨੂੰਨ ਦਾ ਆਦਰ ਕਰਦੇ ਹਨ ਅਤੇ ਕਿਸੇ ਨਾਲ ਵੀ ਗਲਤ ਵਰਤਾਅ ਨਹੀਂ ਕਰ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਜਾਣ-ਬੁੱਝ ਕੇ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੀਡੀਆ ਅਤੇ ਸੋਸ਼ਲ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵੀਡੀਓ ਜਾਂ ਖ਼ਬਰ ਬਿਨਾਂ ਪੂਰੀ ਜਾਂਚ ਦੇ ਪ੍ਰਸਾਰਿਤ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਕਾਰਵਾਈ ਵੀ ਕਰਨਗੇ ਅਤੇ ਅਦਾਲਤ ਦਾ ਸਹਾਰਾ ਲੈਣਗੇ।