ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ: ਕਿੱਟ ਵਿੱਚ ਕੀ ਮਿਲੇਗਾ ਤੇ ਕਿਨ੍ਹਾਂ ਨੂੰ ਮਿਲੇਗਾ ਫਾਇਦਾ?
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਰਸੋਈ’ ਯੋਜਨਾ ਤਹਿਤ ਸੂਬੇ ਦੇ ਲੋੜਵੰਦ ਪਰਿਵਾਰਾਂ ਨੂੰ ਪੌਸ਼ਟਿਕ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਸਰਕਾਰ ਦਾ ਟੀਚਾ ਕਰੀਬ 40 ਲੱਖ ਯੋਗ ਪਰਿਵਾਰਾਂ ਤੱਕ ਇਹ ਕਿੱਟਾਂ ਤਿੰਨ ਮਹੀਨਿਆਂ ਦੇ ਅੰਦਰ ਪਹੁੰਚਾਉਣਾ ਹੈ। ਹੁਣ ਤੱਕ ਸੂਬੇ ਭਰ ਵਿੱਚ 21.29 ਲੱਖ ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ।
ਮਿਸ਼ਨ ਮੋਡ ਵਿੱਚ ਚੱਲ ਰਹੀ ਵੰਡ ਪ੍ਰਕਿਰਿਆ
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਨਿਗਰਾਨੀ ਹੇਠ ਇਹ ਯੋਜਨਾ ਮਿਸ਼ਨ ਮੋਡ ਵਿੱਚ ਚਲਾਈ ਜਾ ਰਹੀ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਹਰ ਰੋਜ਼ ਕਰੀਬ 80 ਹਜ਼ਾਰ ਤੋਂ 85 ਹਜ਼ਾਰ ਰਾਸ਼ਨ ਕਿੱਟਾਂ ਸੂਬੇ ਦੇ ਵੱਖ-ਵੱਖ ਵੰਡ ਕੇਂਦਰਾਂ ਰਾਹੀਂ ਲਾਭਪਾਤਰੀਆਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੈ ਕਿ ਤਿੰਨ ਮਹੀਨਿਆਂ ਦੀ ਮਿਆਦ ਤੋਂ ਪਹਿਲਾਂ ਹੀ ਸਾਰੇ ਯੋਗ ਪਰਿਵਾਰਾਂ ਤੱਕ ਕਿੱਟਾਂ ਪਹੁੰਚਾ ਦਿੱਤੀਆਂ ਜਾਣ।

ਕਿੱਟ ਵਿੱਚ ਕੀ-ਕੀ ਮਿਲੇਗਾ?
ਹਰੇਕ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਰਾਸ਼ਨ ਕਿੱਟ ਵਿੱਚ ਰੋਜ਼ਾਨਾ ਦੀਆਂ ਲੋੜੀਂਦੀਆਂ ਖੁਰਾਕੀ ਵਸਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇੱਕ ਕਿੱਟ ਵਿੱਚ:
- 2 ਕਿਲੋ ਦਾਲ
- 2 ਕਿਲੋ ਖੰਡ
- 1 ਕਿਲੋ ਨਮਕ
- 200 ਗ੍ਰਾਮ ਹਲਦੀ ਪਾਊਡਰ
- 1 ਲੀਟਰ ਸਰ੍ਹੋਂ ਦਾ ਤੇਲ
ਇਹ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਯੋਗ ਲਾਭਪਾਤਰੀਆਂ ਨੂੰ ਪਹਿਲਾਂ ਮਿਲ ਰਹੀ ਕਣਕ ਤੋਂ ਇਲਾਵਾ ਦਿੱਤੀਆਂ ਜਾ ਰਹੀਆਂ ਹਨ।

ਕੌਣ ਲੈ ਸਕਦਾ ਹੈ ਸਕੀਮ ਦਾ ਲਾਭ?
ਸਰਕਾਰ ਮੁਤਾਬਕ, ਜਿਹੜੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਦੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਕਣਕ ਮਿਲਦੀ ਹੈ ਅਤੇ ਜਿਨ੍ਹਾਂ ਕੋਲ ਨੀਲਾ ਰਾਸ਼ਨ ਕਾਰਡ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਰਾਸ਼ਨ ਕਾਰਡ ਦੀ ਜਾਂਚ ਤੋਂ ਬਾਅਦ ਯੋਗ ਪਰਿਵਾਰਾਂ ਨੂੰ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।

ਮਾਰਕਫੈੱਡ ਤਿਆਰ ਕਰ ਰਿਹਾ ਕਿੱਟਾਂ
ਰਾਸ਼ਨ ਕਿੱਟਾਂ ਦੀ ਤਿਆਰੀ ਮਾਰਕਫੈੱਡ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੂਬੇ ਭਰ ਵਿੱਚ ਇਨ੍ਹਾਂ ਦੀ ਵੰਡ ਦੀ ਨਿਗਰਾਨੀ ਕਰ ਰਿਹਾ ਹੈ। ਸੂਬੇ ਵਿੱਚ ਹੁਣ ਤੱਕ 21.29 ਲੱਖ ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਸਭ ਤੋਂ ਵੱਧ ਵੰਡ ਲੁਧਿਆਣਾ ਵਿੱਚ 2,29,555 ਕਿੱਟਾਂ ਦੀ ਹੋਈ ਹੈ। ਇਸ ਤੋਂ ਇਲਾਵਾ ਪਟਿਆਲਾ, ਸੰਗਰੂਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਵੱਡੀ ਗਿਣਤੀ ਵਿੱਚ ਕਿੱਟਾਂ ਵੰਡੀਆਂ ਗਈਆਂ ਹਨ। ਜ਼ਿਲ੍ਹਾ ਯੋਜਨਾ ਕਮੇਟੀ ਲੁਧਿਆਣਾ ਦੇ ਚੇਅਰਮੈਨ ਜਤਿੰਦਰ ਖੰਗੂੜਾ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਲੋੜਵੰਦ ਪਰਿਵਾਰਾਂ ਤੱਕ ਪੌਸ਼ਟਿਕ ਰਾਸ਼ਨ ਪਹੁੰਚਾਉਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਹ ਸਕੀਮ ਵੀ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।