ਫਿਲਮ ਤੋਂ ਪਾਬੰਦੀ ਹਟਾਉਣ ਦੀ ਮੰਗ ਲਈ ਸੌਂਪਿਆ ਜਾਵੇਗਾ ਮੰਗ ਪੱਤਰ, ਨਾ ਹਟੀ ਪਾਬੰਦੀ ਤਾਂ ਪਿੰਡ-ਪਿੰਡ ਕਰਵਾਈ ਜਾਵੇਗੀ ਸਕ੍ਰੀਨਿੰਗ
ਅੰਮ੍ਰਿਤਸਰ:ਦਿਲਜੀਤ ਦੁਸਾਂਝ ਦੀ ਚਰਚਿਤ ਫਿਲਮ ‘ਸਤਲੁਜ’ ‘ਤੇ ਲੱਗੀ ਪਾਬੰਦੀ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸੰਘਰਸ਼ ਦਾ ਐਲਾਨ ਕੀਤਾ ਹੈ। SGPC ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਫਿਲਮ ‘ਤੇ ਪਾਬੰਦੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਵੱਡਾ ਰੋਸ ਹੈ ਅਤੇ ਇਸ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।
ਡੀਸੀ ਦਫ਼ਤਰ ਤੱਕ ਕੱਢਿਆ ਜਾਵੇਗਾ ਰੋਸ ਮਾਰਚ
ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਘੰਟਾ ਘਰ, ਹਾਲ ਬਾਜ਼ਾਰ ਰਾਹੀਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਡੀਸੀ ਨੂੰ ਮੰਗ ਪੱਤਰ ਸੌਂਪ ਕੇ ਫਿਲਮ ‘ਤੇ ਲੱਗੀ ਪਾਬੰਦੀ ਤੁਰੰਤ ਹਟਾਉਣ ਦੀ ਮੰਗ ਕੀਤੀ ਜਾਵੇਗੀ।

‘ਫਿਲਮ ਇਤਿਹਾਸ ਦੇ ਇੱਕ ਅਹਿਮ ਦੌਰ ਨੂੰ ਸਾਹਮਣੇ ਲਿਆਉਂਦੀ ਹੈ’
ਕਾਹਲਵਾਂ ਨੇ ਕਿਹਾ ਕਿ ਫਿਲਮ ਵਿੱਚ 1984 ਅਤੇ ਉਸ ਤੋਂ ਬਾਅਦ ਦੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਥਿਤ ਉਲੰਘਣਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਬੇਗੁਨਾਹ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।
ਭਾਈ ਜਸਵੰਤ ਸਿੰਘ ਖਾਲੜਾ ਦੇ ਯੋਗਦਾਨ ਦਾ ਕੀਤਾ ਜ਼ਿਕਰ
ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਲਾਪਤਾ ਅਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲਿਆਂ ਨੂੰ ਸਾਹਮਣੇ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦਾ ਯੋਗਦਾਨ ਇਤਿਹਾਸ ਦਾ ਅਹਿਮ ਹਿੱਸਾ ਹੈ ਅਤੇ ਇਸ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ।

ਫਿਲਮ ਨਿਰਮਾਤਾਵਾਂ ਦੀ ਕੀਤੀ ਸ਼ਲਾਘਾ
SGPC ਸਕੱਤਰ ਨੇ ਕਿਹਾ ਕਿ ਫਿਲਮ ਦੇ ਨਿਰਮਾਤਾਵਾਂ ਨੇ ਇਤਿਹਾਸ ਦੇ ਇੱਕ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਵਿਸ਼ੇ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਇਹ ਫਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਨਾਲ ਜਾਣੂ ਹੋ ਸਕੇ।
ਪਾਬੰਦੀ ਨਾ ਹਟੀ ਤਾਂ ਪਿੰਡ-ਪਿੰਡ ਹੋਣਗੀਆਂ ਸਕ੍ਰੀਨਿੰਗਾਂ
ਕਾਹਲਵਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਫਿਲਮ ‘ਤੇ ਲੱਗੀ ਪਾਬੰਦੀ ਨਹੀਂ ਹਟਾਈ ਜਾਂਦੀ ਤਾਂ ਸ਼੍ਰੋਮਣੀ ਕਮੇਟੀ ਅਗਲੀ ਰਣਨੀਤੀ ਤਹਿਤ ਪਿੰਡਾਂ, ਗੁਰਦੁਆਰਾ ਸਾਹਿਬਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ‘ਤੇ ਵੱਡੀਆਂ ਸਕ੍ਰੀਨਾਂ ਰਾਹੀਂ ਫਿਲਮ ਦਿਖਾਉਣ ਬਾਰੇ ਫ਼ੈਸਲਾ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਪਿੰਡਾਂ ਵਿੱਚ ਸਥਾਨਕ ਪੱਧਰ ‘ਤੇ ਅਜਿਹੀਆਂ ਸਕ੍ਰੀਨਿੰਗਾਂ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ।
ਤੇਜਾ ਸਿੰਘ ਸਮੁੰਦਰੀ ਦੀ 100ਵੀਂ ਸ਼ਤਾਬਦੀ ਵੀ ਮਨਾਏਗੀ SGPC

ਇਸ ਮੌਕੇ ਕਾਹਲਵਾਂ ਨੇ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਦੀ 100ਵੀਂ ਸ਼ਤਾਬਦੀ ਮੌਕੇ 15 ਜੁਲਾਈ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਦਕਿ 17 ਜੁਲਾਈ ਨੂੰ ਭੋਗ ਉਪਰੰਤ ਕੀਰਤਨ, ਕਥਾ ਅਤੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਇਸ ਦੇ ਨਾਲ ਹੀ 1984 ਤੋਂ ਬਾਅਦ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿੱਚ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।