ਕਪੂਰਥਲਾ ਜੇਲ੍ਹ ‘ਚ ਹਵਾਲਾਤੀ ਦੀ ਸ਼ੱਕੀ ਮੌਤ, ਪਰਿਵਾਰ ਵੱਲੋਂ ਸਿਵਲ ਹਸਪਤਾਲ ਬਾਹਰ ਧਰਨਾ
ਕਪੂਰਥਲਾ: ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਇੱਕ ਹਵਾਲਾਤੀ (ਵਿਚਾਰ ਅਧੀਨ ਕੈਦੀ) ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ, ਕਪੂਰਥਲਾ ਦੇ ਬਾਹਰ ਧਰਨਾ ਦੇ ਕੇ ਨਿਰਪੱਖ ਜਾਂਚ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ।
ਜੱਜ ਦੀ ਮੌਜੂਦਗੀ ਵਿੱਚ ਹੋਇਆ ਪੋਸਟਮਾਰਟਮ
ਸਿਵਲ ਹਸਪਤਾਲ ਦੀ ਐਸਐਮਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਡਾਕਟਰਾਂ ਦੇ ਇੱਕ ਵਿਸ਼ੇਸ਼ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ। ਇਹ ਕਾਰਵਾਈ ਨਿਆਂਇਕ ਅਧਿਕਾਰੀ ਦੀ ਮੌਜੂਦਗੀ ਵਿੱਚ ਕੀਤੀ ਗਈ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਲਾਸ਼ ਪਹਿਲਾਂ ਹੀ ਪੁਲਿਸ ਵੱਲੋਂ ਹਸਪਤਾਲ ਲਿਆਂਦੀ ਗਈ ਸੀ, ਪਰ ਉਸ ਸਮੇਂ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਬਾਅਦ ਵਿੱਚ ਪੁਲਿਸ ਦੀ ਸੂਚਨਾ ‘ਤੇ ਪਰਿਵਾਰ ਹਸਪਤਾਲ ਪਹੁੰਚਿਆ ਅਤੇ ਸਾਰੇ ਕਾਨੂੰਨੀ ਦਸਤਾਵੇਜ਼ ਪੂਰੇ ਹੋਣ ਉਪਰੰਤ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਹਸਪਤਾਲ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਸਾਰੀ ਕਾਰਵਾਈ ਕੀਤੀ ਹੈ।
ਹਮਲੇ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸੀ ਹਵਾਲਾਤੀ
ਡੀਐਸਪੀ ਸਬ-ਡਵੀਜ਼ਨ ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਰਪ੍ਰੀਤ ਚਾਹਲ ਪੁੱਤਰ ਸਵਰਨ ਦਾਸ, ਵਾਸੀ ਤਲ੍ਹਣ (ਜ਼ਿਲ੍ਹਾ ਜਲੰਧਰ) ਵਜੋਂ ਹੋਈ ਹੈ। ਉਹ ਲੜਾਈ-ਝਗੜੇ ਦੇ ਇੱਕ ਮਾਮਲੇ ਵਿੱਚ ਭਗੌੜਾ ਸੀ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਇਸ ਦੌਰਾਨ ਜੇਲ੍ਹ ਅੰਦਰ ਉਸ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।
ਧਾਰਾ 176 ਤਹਿਤ ਹੋਵੇਗੀ ਨਿਆਂਇਕ ਜਾਂਚ
ਡੀਐਸਪੀ ਰੰਧਾਵਾ ਨੇ ਕਿਹਾ ਕਿ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿੱਚ ਕਾਨੂੰਨ ਅਨੁਸਾਰ ਧਾਰਾ 176 ਤਹਿਤ ਨਿਆਂਇਕ ਜਾਂਚ ਕਰਵਾਈ ਜਾਂਦੀ ਹੈ। ਇਸੇ ਪ੍ਰਕਿਰਿਆ ਦੇ ਤਹਿਤ ਪਰਿਵਾਰਕ ਮੈਂਬਰਾਂ ਦੇ ਬਿਆਨ ਨਿਆਂਇਕ ਅਧਿਕਾਰੀ ਦੀ ਮੌਜੂਦਗੀ ਵਿੱਚ ਦਰਜ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।