ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ, 280 ਐਨਡੀਪੀਐਸ ਮਾਮਲਿਆਂ ਵਿੱਚ ਜ਼ਬਤ ਕਈ ਕਿੱਲੋ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਕੀਤੇ ਨਸ਼ਟ
ਅੰਮ੍ਰਿਤਸਰ: ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 280 ਐਨਡੀਪੀਐਸ (NDPS) ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਖੰਨਾ ਪੇਪਰ ਮਿਲ ਵਿੱਚ ਨਸ਼ਟ ਕਰ ਦਿੱਤਾ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਿਆਂ ਦੀ ਬਰਾਮਦਗੀ ਜਿੰਨੀ ਮਹੱਤਵਪੂਰਨ ਹੈ, ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਨੇ ਕਈ ਵੱਡੇ ਡਰੱਗ ਕਾਰਟਲਾਂ ਦਾ ਪਰਦਾਫਾਸ਼ ਕਰਕੇ ਹੈਰੋਇਨ, ਆਈਸ (ਮੈਥਾਮਫੈਟਾਮਾਈਨ), ਫਾਰਮਾ ਡਰੱਗਜ਼, ਸਮੈਕ, ਚਰਸ, ਭੰਗ ਅਤੇ ਹੋਰ ਨਸ਼ੀਲੇ ਪਦਾਰਥ ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਸਨ। ਹੁਣ ਡਰੱਗ ਡਿਸਪੋਜ਼ਲ ਕਮੇਟੀ ਦੀ ਮੌਜੂਦਗੀ ਵਿੱਚ ਇਨ੍ਹਾਂ ਸਾਰੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਗਿਆ ਹੈ।
12.9 ਕਿਲੋ ਹੈਰੋਇਨ ਸਮੇਤ ਵੱਡੀ ਮਾਤਰਾ ਵਿੱਚ ਡਰੱਗਜ਼ ਨਸ਼ਟ
ਪੁਲਿਸ ਅਨੁਸਾਰ 280 ਕੇਸਾਂ ਨਾਲ ਸਬੰਧਤ ਮਾਲ ਮੁਕੱਦਮੇ ਦਾ ਨਿਪਟਾਰਾ ਕੀਤਾ ਗਿਆ, ਜਿਸ ਵਿੱਚ:
- 12.9 ਕਿਲੋਗ੍ਰਾਮ ਹੈਰੋਇਨ
- 4.38 ਲੱਖ ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ
- 3.15 ਕਿਲੋਗ੍ਰਾਮ ਸਮੈਕ
- 12 ਕਿਲੋਗ੍ਰਾਮ ਪੋਸਤ
- ਲੱਖਾਂ ਦੀ ਗਿਣਤੀ ਵਿੱਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ
- ਚਰਸ, ਗਾਂਜਾ, ਭੰਗ ਅਤੇ ਹੋਰ ਨਸ਼ੀਲੇ ਪਦਾਰਥ ਸ਼ਾਮਲ ਸਨ।
ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਤਸਕਰੀ ਵੱਡੀ ਚੁਣੌਤੀ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਪੰਜਾਬ ਪੁਲਿਸ ਲਈ ਇੱਕ ਵੱਡੀ ਚੁਣੌਤੀ ਹੈ। ਇਸ ਦੇ ਬਾਵਜੂਦ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲਗਾਤਾਰ ਸਫ਼ਲ ਕਾਰਵਾਈਆਂ ਕਰਦਿਆਂ ਵੱਡੀਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਬਰਾਮਦ ਕਰ ਰਹੀ ਹੈ ਅਤੇ ਤਸਕਰਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਰਹੀ ਹੈ।

ਉਨ੍ਹਾਂ ਦੱਸਿਆ ਕਿ 1 ਜਨਵਰੀ 2026 ਤੋਂ ਹੁਣ ਤੱਕ 2,176 ਐਨਡੀਪੀਐਸ ਕੇਸਾਂ ਨਾਲ ਸਬੰਧਤ ਨਸ਼ੀਲੇ ਪਦਾਰਥਾਂ ਦਾ ਕਾਨੂੰਨੀ ਤੌਰ ‘ਤੇ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਵਿੱਚ ਹੈਰੋਇਨ, ਆਈਸ, ਕੋਕੀਨ, ਸਮੈਕ, ਪੋਸਤ ਅਤੇ ਹੋਰ ਸ਼ਡਿਊਲਡ ਡਰੱਗਜ਼ ਸ਼ਾਮਲ ਹਨ। ਇਸ ਕਾਰਵਾਈ ਨਾਲ ਪੁਲਿਸ ਥਾਣਿਆਂ ਅਤੇ ਮਾਲਖਾਨਿਆਂ ਵਿੱਚ ਜਗ੍ਹਾ ਵੀ ਖਾਲੀ ਹੋਵੇਗੀ, ਜਿਸ ਨਾਲ ਭਵਿੱਖ ਵਿੱਚ ਜ਼ਬਤ ਕੀਤੇ ਜਾਣ ਵਾਲੇ ਮਾਲ ਦੀ ਸੰਭਾਲ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇਗੀ। ਇਹ ਪੂਰੀ ਕਾਰਵਾਈ ਡਰੱਗ ਡਿਸਪੋਜ਼ਲ ਕਮੇਟੀ ਦੇ ਚੇਅਰਮੈਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ, ਏਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ, ਏਸੀਪੀ ਡਿਟੈਕਟਿਵ ਇੰਦਰਜੀਤ ਸਿੰਘ ਅਤੇ ਹੋਰ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰੋਟੋਕੋਲ ਅਨੁਸਾਰ ਕੀਤੀ ਗਈ। ਪੁਲਿਸ ਨੇ ਕਿਹਾ ਕਿ ਭਵਿੱਖ ਵਿੱਚ ਵੀ ਨਸ਼ਿਆਂ ਦੀ ਬਰਾਮਦਗੀ ਦੇ ਨਾਲ-ਨਾਲ ਉਨ੍ਹਾਂ ਦੇ ਸਮੇਂ ਸਿਰ ਨਿਪਟਾਰੇ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।