ਮੰਡੀ ਗੋਬਿੰਦਗੜ੍ਹ ‘ਚ ਭਿਆਨਕ ਸੜਕ ਹਾਦਸਾ, ਬੇਕਾਬੂ ਟਿੱਪਰ ਨੇ ਮਚਾਈ ਤਬਾਹੀ; 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਸ੍ਰੀ ਫਤਿਹਗੜ੍ਹ ਸਾਹਿਬ:ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਨੈਸ਼ਨਲ ਹਾਈਵੇ ਨਾਲ ਲੱਗਦੀ ਸਰਵਿਸ ਰੋਡ ‘ਤੇ ਐਸ.ਕੇ. ਕੰਢੇ ਨੇੜੇ ਵਾਪਰਿਆ, ਜਿੱਥੇ ਇੱਕ ਬੇਕਾਬੂ ਟਿੱਪਰ ਨੇ ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਜ਼ਖ਼ਮੀ ਵਿਅਕਤੀ ਨੂੰ ਪਹਿਲਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ ਟਿੱਪਰ ਖੰਨਾ ਵੱਲੋਂ ਮੰਡੀ ਗੋਬਿੰਦਗੜ੍ਹ ਵੱਲ ਆ ਰਿਹਾ ਸੀ। ਅਚਾਨਕ ਬੇਕਾਬੂ ਹੋਣ ਕਾਰਨ ਇਸ ਨੇ ਪਹਿਲਾਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ‘ਤੇ ਦੋ ਵਿਅਕਤੀ ਸਵਾਰ ਸਨ। ਇਸ ਤੋਂ ਬਾਅਦ ਟਿੱਪਰ ਸੜਕ ਕਿਨਾਰੇ ਇੱਕ ਬੰਦ ਪਈ ਦੁਕਾਨ ਵਿੱਚ ਜਾ ਵੜਿਆ ਅਤੇ ਨੇੜੇ ਖੜ੍ਹੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਦੋ ਵਿਅਕਤੀਆਂ ਦੀ ਮੌਤ, ਇੱਕ ਜ਼ਿੰਦਗੀ ਲਈ ਜੰਗ ਲੜ ਰਿਹਾ
ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ, ਵਾਸੀ ਕਲਾਲ ਮਾਜਰਾ (ਸਮਰਾਲਾ, ਲੁਧਿਆਣਾ), ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਨਾਲ ਸਵਾਰ ਰਵੀ, ਵਾਸੀ ਜਰਗ (ਲੁਧਿਆਣਾ), ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਇਸ ਤੋਂ ਇਲਾਵਾ ਟਿੱਪਰ ਚਾਲਕ ਬਹਾਦਰ ਸਿੰਘ, ਵਾਸੀ ਨਿਊ ਜੱਸੜ ਕਲੋਨੀ, ਮੰਡੀ ਗੋਬਿੰਦਗੜ੍ਹ, ਨੇ ਵਾਹਨ ਬੇਕਾਬੂ ਹੋਣ ਮਗਰੋਂ ਛਾਲ ਮਾਰ ਦਿੱਤੀ, ਪਰ ਸਰਵਿਸ ਰੋਡ ਨਾਲ ਲੱਗੀ ਲੋਹੇ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਉਸ ਦੀ ਵੀ ਮੌਤ ਹੋ ਗਈ। ਹਾਦਸੇ ਦੌਰਾਨ ਨੇੜਲੇ ਠੇਕੇ ਦੇ ਬਾਹਰ ਖੜ੍ਹੇ ਕਈ ਦੋਪਹੀਆ ਅਤੇ ਹੋਰ ਵਾਹਨ ਟਿੱਪਰ ਦੀ ਚਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਇਸ ਇਲਾਕੇ ਵਿੱਚ ਕਾਫ਼ੀ ਭੀੜ ਰਹਿੰਦੀ ਹੈ। ਜੇਕਰ ਟਿੱਪਰ ਕੁਝ ਹੋਰ ਅੱਗੇ ਵਧ ਜਾਂਦਾ ਤਾਂ ਜਾਨੀ ਅਤੇ ਮਾਲੀ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।