ਪਟਿਆਲਾ ਵਿੱਚ ਜਿਮ ਟ੍ਰੇਨਰ ‘ਤੇ ਗੋਲੀਆਂ ਚਲਾ ਕੇ ਹਮਲੇ ਦੀ ਕੋਸ਼ਿਸ਼, ਵਾਲ-ਵਾਲ ਬਚਿਆ ਨੌਜਵਾਨ
ਪਟਿਆਲਾ: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਦਿਨ-ਦਿਹਾੜੇ ਇੱਕ ਜਿਮ ਟ੍ਰੇਨਰ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਹਮਲੇ ਦੌਰਾਨ ਨੌਜਵਾਨ ਦੀ ਕਿਸਮਤ ਚੰਗੀ ਰਹੀ ਅਤੇ ਉਹ ਵਾਲ-ਵਾਲ ਬਚ ਗਿਆ। ਹਮਲਾਵਰਾਂ ਵੱਲੋਂ ਚਲਾਈ ਗਈ ਇੱਕ ਗੋਲੀ ਉਸ ਦੀ ਕਾਰ ਵਿੱਚ ਲੱਗੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਸਿਮਰ ਭਟਨਾਗਰ ਨੇ ਦੱਸਿਆ ਕਿ ਉਹ ਜਿਮ ਤੋਂ ਆਪਣਾ ਕੰਮ ਮੁਕਾ ਕੇ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਮੜੀਆਂ ਵਾਲਾ ਰੋਡ ਤੋਂ ਐਸਐਸਟੀ ਨਗਰ ਵੱਲ ਵੱਧ ਰਿਹਾ ਸੀ ਤਾਂ ਇੱਕ ਚਿੱਟੇ ਰੰਗ ਦੀ ਪੁਰਾਣੇ ਮਾਡਲ ਦੀ ਫਾਰਚੂਨਰ ਗੱਡੀ ਉਸ ਦਾ ਪਿੱਛਾ ਕਰਨ ਲੱਗੀ। ਉਸ ਦੇ ਮੁਤਾਬਕ ਗੱਡੀ ਵਿੱਚ ਤਿੰਨ ਤੋਂ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਨੇ ਪੁਲਿਸ ਵਰਗੀ ਵਰਦੀ ਪਹਿਨੀ ਹੋਈ ਸੀ, ਜਦਕਿ ਇੱਕ ਹੋਰ ਵਿਅਕਤੀ ਸਫਾਰੀ ਸੂਟ ਵਿੱਚ ਸੀ। ਸਿਮਰ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਦੋ-ਤਿੰਨ ਹਵਾਈ ਫਾਇਰ ਕੀਤੇ ਅਤੇ ਫਿਰ ਇੱਕ ਗੋਲੀ ਉਸ ਦੀ ਕਾਰ ਵੱਲ ਚਲਾਈ, ਜੋ ਕਾਰ ਵਿੱਚ ਜਾ ਲੱਗੀ। ਕੁਝ ਸਮੇਂ ਬਾਅਦ ਹਮਲਾਵਰ ਗੱਡੀ ਤੋਂ ਹੇਠਾਂ ਉਤਰੇ ਅਤੇ ਆਪਸ ਵਿੱਚ ਗੱਲ ਕਰਦਿਆਂ ਕਹਿਣ ਲੱਗੇ ਕਿ “ਇਹ ਤਾਂ ਕੋਈ ਹੋਰ ਹੈ।” ਇਸ ਤੋਂ ਬਾਅਦ ਉਹ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ। ਉਹ ਇੱਕ ਜਿਮ ਵਿੱਚ ਟ੍ਰੇਨਰ ਵਜੋਂ ਕੰਮ ਕਰਦਾ ਹੈ ਅਤੇ ਨਾਲ ਹੀ ਇੱਕ ਮੈਡੀਕਲ ਕੰਪਨੀ ਵਿੱਚ ਵੀ ਨੌਕਰੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਸ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ।

ਸਿਮਰ ਭਟਨਾਗਰ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ ਅਤੇ ਨਾ ਹੀ ਕਿਸੇ ਮੈਂਬਰ ਖ਼ਿਲਾਫ਼ ਕੋਈ ਪੁਲਿਸ ਮਾਮਲਾ ਦਰਜ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਟਨਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਾਹੌਰੀ ਗੇਟ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਲਾਹੌਰੀ ਗੇਟ ਦੇ ਐਸਐਚਓ ਸੌਰਭ ਸਬਰਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫਾਰਚੂਨਰ ਗੱਡੀ ਨੇ ਪੀੜਤ ਦੀ ਕਾਰ ਨੂੰ ਟੱਕਰ ਵੀ ਮਾਰੀ ਸੀ। ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਪੀੜਤ ਦੇ ਬਿਆਨ ਵੀ ਦਰਜ ਕੀਤੇ ਗਏ ਹਨ।ਪੁਲਿਸ ਨੇ ਕਿਹਾ ਕਿ ਵਾਹਨ ‘ਤੇ ਮਿਲੇ ਨਿਸ਼ਾਨਾਂ, ਗੋਲੀ ਦੇ ਸਬੂਤਾਂ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।